Sunday, January 17, 2016

ਤੇਰੇ ਨਾਮ ਜਿਹੀ ਕਵਿਤਾ


ਅਜ ਚੁਪ ਕਲਮ ਦੀ ਤੋੜੀ ਹੈ, ਮੈਂ ਇੱਕ ਕਵਿਤਾ ਜੋੜੀ ਹੈ |
ਤੇਰੇ ਹਾਣ ਜਿਹੀ, ਤੇਰੇ ਨਾਮ ਜਿਹੀ
ਤੇਰੇ ਹਾਣ ਜਿਹੀ, ਤੇਰੇ ਨਾਮ ਜਿਹੀ|

ਇਹ ਚੰਨ ਦੀ ਚਾਨਣੀ ਵਰਗੀ ਹੈ ਤੇ ਸੂਰਜ ਦੀ ਹੈ ਧੁੱਪ ਵਰਗੀ |
ਇਹ ਝਰਨੇ ਦੇ ਸੰਗੀਤ ਜਿਹੀ ਤੇ ਸਾਗਰ ਦੀ ਹੈ ਚੁੱਪ ਵਰਗੀ|
ਇਹ ਚੜਦੇ ਸ਼ੂਰਜ ਵਰਗੀ ਹੈ, ਕਦੇ ਬਣੇ ਸੰੰਧੂਰੀ ਸ਼ਾਮ ਜਿਹੀ.............

ਇਹ ਮੋਰਾਂ ਦੀ ਹੈ ਪਹਿਲ ਜਿਹੀ, ਚਿੜੀਆਂ ਦੀਆਂ ਚਹਿਕਾਂ ਵਰਗੀ ਹੈ |
ਇਹ ਬਾਗਾਂ ਵਿੱਚ ਬਹਾਰ ਜਿਹੀ, ਫੁੱਲਾਂ ਦੀਆਂ ਮਹਿਕਾਂ ਵਰਗੀ ਹੈ |
ਇਹ ਖਿੜੀ ਹੋਈ ਹੈ ਕਲੀ ਕੋਈ, ਕਦੇ ਲਗਦੀ ਹੈ ਗ਼ੁਲਫ਼ਾਮ ਜਿਹੀ..........

ਇਹ ਕਵਿਤਾ ਰੱਬ ਦੇ ਨਾਂ ਵਰਗੀ, ਪਿੱਪਲਾਂ ਦੀ ਸੰਘਣੀ ਛਾਂ ਵਰਗੀ |
ਜਿੱਥੇ ਸੋਹਣਾ ਸੱਜਣ ਵਸਦਾ ਹੈ, ਮੇਰੇ ਦਿਲ ਦੀ ਹੈ ਉਸ ਥਾਂ ਵਰਗੀ |
ਇਹ "ਛਿੰਦਿਆ" ਕਵਿਤਾ ਇਸ਼ਕ ਜਿਹੀ, ਕਿਸੇ ਸੂਫੀ ਦੇ ਕਲਾਮ ਜਿਹੀ.........

ਤੇਰੇ ਹਾਣ ਜਿਹੀ, ਤੇਰੇ ਨਾਮ ਜਿਹੀ
ਤੇਰੇ ਹਾਣ ਜਿਹੀ, ਤੇਰੇ ਨਾਮ ਜਿਹੀ|

Thursday, August 11, 2011

ਸਾਵਣ

ਵੇ ਆਜਾ ਮੇਰੇ ਮਾਹੀਆ, ਸਾਵਣ ਆਇਆ ।
ਹਿਜ਼ਰ ਤੇਰੇ ਮੈਨੂੰ ਮਾਰ ਮੁਕਾਇਆ ।

ਇੱਕ ਤਾਂ ਛਮ-ਛਮ ਬਰਸੇ ਸਾਵਣ ,
ਦੂਜਾ ਮੀਂਹ ਅੱਖੀਆਂ ਵਰਸਾਵਣ,
ਬਾਗਾਂ ਦੇ ਵਿੱਚ ਕੋਇਲਾਂ ਗਾਵਣ,
ਸਾਡਾ ਸੀਨਾ ਆਣ ਮਚਾਇਆ..........

ਪਲ-ਪਲ ਜਿੰਦ ਇਹ ਜਾਂਦੀ ਖਰਦੀ,
ਬਣ ਕੇ ਆ ਮੇਰੇ ਦਿਲ ਦਾ ਦਰਦੀ,
ਤੁਧ ਬਿਨ ਮੈਂ ਤੇ ਜਾਂਦੀ ਮਰਦੀ ,
ਕਿਸੇ ਨਾ ਆਣ ਬਚਾਇਆ..........

ਹੋਰ ਤੈਨੂੰ ਕੀ ਆਖਾਂ ਚੰਨ ਵੇ,
ਇੱਕੋ ਮੇਰੇ ਦਿਲ ਦੀ ਮੰਨ ਵੇ,
ਹੁਣ ਤੇ ਕੰਧ ਹਿਜ਼ਰ ਦੀ ਭੰਨ ਵੇ,
ਤੈਨੂੰ ਦਿਲ ਦਾ ਦਰਦ ਸੁਣਾਇਆ.....

ਲੋਕ ਤਾਂ ਭੋਗ ਜੱਗ ਦੇ ਭੋਗਣ,
ਮੈਂ ਤੇ ਤੇਰੀ ਬਣ ਗਈ ਜੋਗਣ,
ਇਸ਼ਕ ਤੇਰੇ ਦੀ ਹੋ ਗਈ ਰੋਗਣ,
ਇਸ਼ਕ ਦਾ ਵਣਜ ਕਮਾਇਆ.......

ਵੇ ਆਜਾ ਮੇਰੇ ਮਾਹੀਆ, ਸਾਵਣ ਆਇਆ ।
ਹਿਜ਼ਰ ਤੇਰੇ ਮੈਨੂੰ ਮਾਰ ਮੁਕਾਇਆ ।

Wednesday, March 23, 2011

ਮੇਰਾ ਭਾਰਤ ਮਹਾਨ

ਸ਼ਹੀਦਾਂ ਦੇ ਨਾਂ ਤੇ ਸਿਆਸੀ ਰੋਟੀਆਂ ਲਾਈ ਜਾਂਦੇ ਨੇ ।
ਭੋਲੀ-ਭਾਲੀ ਜਨਤਾ ਨੂੰ ਬੁੱਧੂ ਬਣਾਈ ਜਾਂਦੇ ਨੇ ।
ਰੱਬ ਹੀ ਰਾਖਾ ਇਸ ਦਾ ਕੋਈ ਕੁਝ ਨਹੀਂ ਜਾਣਦਾ,
ਪਤਾ ਨਹੀਂ ਕੀ ਬਣੁ ਇਸ ਭਾਰਤ ਮਹਾਨ ਦਾ ।


ਇਹਨਾਂ ਲੀਡਰ ਲੋਕਾਂ ਅੱਤ ਮਚਾਈ ਹੋਈ ਏ ।
ਆਮ ਬੰਦੇ ਦੀ ਜਾਨ ਕੁੜਿੱਕੀ ਆਈ ਹੋਈ ਏ ।
ਕੋਈ ਮੁੱਲ ਨਹੀਂ ਇਹਨਾਂ ਦੀ ਨਿਗਾਹ ਵਿੱਚ ਇਨਸਾਨ ਦਾ......


ਲੈ ਕੇ ਡਿਗਰੀਆਂ ਮੁੰਡੇ-ਕੁੜੀਆਂ ਵਿਹਲੇ ਫਿਰਦੇ ਨੇ ।
ਬੇਰੁਜ਼ਗਾਰਾਂ ਦੇ ਏਥੇ ਤਾਂ ਮੇਲੇ ਫਿਰਦੇ ਨੇ ।
ਸਰਕਾਰੇ ਕੁਝ ਸੋਚ ਲੈ ਚੰਗਾ ਜਵਾਨ ਤੇ ਕਿਸਾਨ ਦਾ..........

ਚੱਲ ਜਿਨਾਂ ਹੋ ਸਕਦਾ ਹੈ "ਛਿੰਦੇ" ਦੇਸ਼ ਲਈ ਕਰ ਜਾਈਏ ।
ਬੂੰਦ-ਬੂੰਦ ਕਰ ,ਮਿਲ ਕੇ ਸਾਰੇ ਸਾਗਰ ਭਰ ਜਾਈਏ ।
ਹੱਕ ਤਾਂ ਸਾਰੇ ਮੰਗਦੇ ,ਫਰਜ਼ ਕੋਈ ਨਹੀਂ ਪਛਾਣਦਾ ..........

ਰੱਬ ਹੀ ਰਾਖਾ ਇਸ ਦਾ ਕੋਈ ਕੁਝ ਨਹੀਂ ਜਾਣਦਾ।
ਪਤਾ ਨਹੀਂ ਕੀ ਬਣੁ ਇਸ ਭਾਰਤ ਮਹਾਨ ਦਾ ।

Friday, March 4, 2011

ਇਸ਼ਕ

ਅੱਥਰਾ ਜਨੂੰਨ ਇਸ਼ਕ ਦਾ ।
ਵੱਖਰਾ ਕਾਨੂੰਨ ਇਸ਼ਕ ਦਾ ।
ਜੇ ਜਾਗਿਆ ਤਾਂ ਕਹਿਰ ਹੋਊ,
ਨਾ ਮੋਢਾ ਹਲੂਣ ਇਸ਼ਕ ਦਾ ।

ਰਾਤੀਂ ਜਗਾਉਂਦਾ ਹੈ ਇਸ਼ਕ ।
ਨੀਂਦਾ ਚਰਾਉਂਦਾ ਹੈ ਇਸ਼ਕ ।
ਕੁਝ ਵੀ ਛੱਡਦਾ ਨਹੀਂ ਪੱਲੇ,
ਪਾਗਲ ਬਣਾਉਦਾ ਹੈ ਇਸ਼ਕ ।

ਕਰਦਾ ਸ਼ੁਦਈ ਇਸ਼ਕ ਹੈ ।
ਰੱਬ ਦੀ ਖੁਦਾਈ ਇਸ਼ਕ ਹੈ ।
ਇਹ ਖੂਨ ਪੀਂਦਾ ਜਿਗਰ ਦਾ,
ਡਾਢਾ ਹਰਜਾਈ ਇਸ਼ਕ ਹੈ ।

ਮੁਸ਼ਕਿਲ ਨੇ ਰਾਹਾਂ ਇਸ਼ਕ ਦੀਆਂ ।
ਬੁਰੀਆਂ ਸਜਾਵਾਂ ਇਸ਼ਕ ਦੀਆਂ ।
ਜਿਸਨੂੰ ਵੀ ਹੋਯਾ ਨਹੀਂ ਬਚਿਆ,
ਕਾਤਿਲ ਅਦਾਵਾਂ ਇਸ਼ਕ ਦੀਆਂ ।

ਅਜਬ ਕਹਾਣੀ ਇਸ਼ਕ ਦੀ ।
ਸਦੀਆਂ ਪੁਰਾਣੀ ਇਸ਼ਕ ਦੀ ।
ਪਲ ਵਿੱਚ ਸਦੀਆਂ ਜੀ ਆਯਾ,
ਜਿਸ ਮੌਜ ਮਾਣੀ ਇਸ਼ਕ ਦੀ ।

ਇਹ ਦਿਨ ਇਹ ਰਾਤ ਇਸ਼ਕ ਦੀ ।
ਵੱਖਰੀ ਹੈ ਜਾਤ ਇਸ਼ਕ ਦੀ ।
ਕਣ-ਕਣ ਦੇ ਵਿੱਚ ਇਸ਼ਕ ਹੈ,
ਸਾਰੀ ਕਾਯਨਾਤ ਇਸ਼ਕ ਦੀ ।

ਵੱਖਰਾ ਨਜ਼ਾਰਾ ਇਸ਼ਕ ਦਾ ।
ਮਿੱਠਾ ਹੁੰਗਾਰਾ ਇਸ਼ਕ ਦਾ ।
ਉਸਨੂੰ ਕਿਸੇ ਦੀ ਲੋੜ ਨਾ,
ਜਿਸਨੂੰ ਸਹਾਰਾ ਇਸ਼ਕ ਦਾ ।

ਬੁਰੀਆਂ ਨੇ ਮਾਰਾਂ ਇਸ਼ਕ ਦੀਆਂ ।
ਨੇ ਤੇਜ਼ ਕਟਾਰਾਂ ਇਸ਼ਕ ਦੀਆਂ ।
ਰੰਗ ਸ਼ੋਖ ਜਿਹੇ ਨੇ ਇਸ਼ਕ ਦੇ,
ਤੇ ਮਸਤ ਬਹਾਰਾਂ ਇਸ਼ਕ ਦੀਆਂ ।

ਅਣਬੁੱਝੀ ਪਹੇਲੀ ਇਸ਼ਕ ਹੈ ।
ਦੁਸ਼ਮਣ ਤੇ ਬੇਲੀ ਇਸ਼ਕ ਹੈ ।
ਜਿਸ ਤੋਂ ਸਾਰੇ ਸੁਰ ਬਣੇ,
ਇੱਕ ਧੁਨ ਅਕੇਲੀ ਇਸ਼ਕ ਹੈ ।

ਫੁੱਲਾਂ ਦੀ ਖੁਸ਼ਬੂ ਇਸ਼ਕ ਹੈ ।
ਬੰਦੇ ਦੀ ਰੂਹ ਇਸ਼ਕ ਹੈ ।
ਮੈਂ ਕੁਝ ਵੀ ਨਹੀਂ ਇਸ਼ਕ ਵਿੱਚ,
ਬਸ ਤੂੰ ਹੀ ਤੂੰ ਇਸ਼ਕ ਹੈ ।

ਜ਼ਹਿਰਾਂ ਪਿਆਉਂਦਾ ਹੈ ਇਸ਼ਕ ।
ਸੂਲੀ ਤੇ ਚੜਾਉਂਦਾ ਹੈ ਇਸ਼ਕ ।
ਗਲੀਆਂ ਵਿੱਚ ਨੱਚਣ ਲਾ ਦੇਂਦਾ,
ਕੰਜ਼ਰੀ ਬਣਾਉਂਦਾ ਹੈ ਇਸ਼ਕ ।

ਇਹ ਸਾਰਾ ਖੇਲ ਇਸ਼ਕ ਹੈ ।
ਰੂਹਾਂ ਦਾ ਮੇਲ ਇਸ਼ਕ ਹੈ ।
ਫਿਰ ਵਾਰਿਸ ਤੇ ਸ਼ਿਵ ਜੰਮਦੇ,
ਜਦ ਹੁੰਦਾ ਫੇਲ ਇਸ਼ਕ ਹੈ ।

ਆਸ਼ਿਕ ਬਣਾਇਆ ਇਸ਼ਕ ਨੇ ।
ਸ਼ਾਅਰ ਬਣਾਇਆ ਇਸ਼ਕ ਨੇ ।
ਕੀ ਯਾਰ ਨੂੰ ਰੱਬ ਕਹਿ ਦਿੱਤਾ,
ਕਾਫਿਰ ਬਣਾਇਆ ਇਸ਼ਕ ਨੇ ।

ਅੱਲਾ ਤੇ ਰਾਮ ਇਸ਼ਕ ਹੈ ।
ਗੀਤਾ-ਕੁਰਾਨ ਇਸ਼ਕ ਹੈ ।
ਇਹ ਸਾਰਾ ਆਲਮ ਇਸ਼ਕ ਦਾ,
ਉਹ ਖੁਦ ਭਗਵਾਨ ਇਸ਼ਕ ਹੈ ।

ਮੈਂ ਨੂੰ ਮੁਕਾਉਂਦਾ ਹੈ ਇਸ਼ਕ ।
ਪਰਦੇ ਗਿਰਾਉਂਦਾ ਹੈ ਇਸ਼ਕ ।
ਜਦ ਰਹਿਮਤ ਹੁੰਦੀ ਇਸ਼ਕ ਦੀ,
ਰੱਬ ਨੂੰ ਮਿਲਾਉਂਦਾ ਹੈ ਇਸ਼ਕ

Tuesday, February 8, 2011

ਦਿਲਾਂ ਦਿਆ ਮਹਿਰਮਾਂ

ਆ ਸਾਡੇ ਵਿਹੜੇ ਕਦੇ ਦਿਲਾਂ ਦਿਆ ਮਹਿਰਮਾਂ ਵੇ,
ਕਿਹੜੀ ਗੱਲੋਂ ਪਾਈ ਬੈਠਾ ਦੂਰੀਆਂ ।
ਪਲੰਘ ਨਵਾਰੀ ਅਸੀਂ ਡਾਹੇ ਹਾਏ ਵੇ ਤੇਰੇ ਲਈ,
ਤੇਰੇ ਲਈ ਹੀ ਕੁੱਟੀਆਂ ਨੇ ਚੂਰੀਆਂ ।

ਆ ਮਿਲ ਸਾਨੂੰ ਬਣ ਸਾਉਣ ਦੀ ਘਟਾ ,
ਕਦੇ ਬਣ ਕੇ ਆ ਪੁਰੇ ਦੀ ਹਵਾ ।
ਤੇਰੀਆਂ ਜੁਦਾਈਆਂ ਸਾੜ ਸਾਨੂੰ ਸੁੱਟਿਆ,
ਹਿਜ਼ਰਾਂ ਨੇ ਕੀਤਾ ਈ ਸੁਆਹ ।
ਪਿਆਰ ਦੀ ਨਿਗਾ ਕਦੇ ਕਰ ਸਾਡੇ ਵੱਲੇ,
ਕਾਹਤੋਂ ਦੱਸ ਵੱਟਦਾ ਏਂ ਘੂਰੀਆਂ..........

ਓਵੇਂ ਅਸੀਂ ਸੋਂਹਦੇ ਸੱਜਣਾ ਵੇ ਤੇਰੇ ਨਾਲ,
ਜਿਵੇਂ ਚੰਨ ਤੇਰਿਆਂ ਦੇ ਨਾਲ ।
ਸਾਨੂੰ ਤਾਂ ਬਸ ਇੱਕ ਤੂੰ ਹੀ ਤੂੰ ਚੇਤੇ ਹੈਂ,
ਜੱਗ ਦਾ ਤਾਂ ਭੁੱਲਿਆ ਖਿਆਲ ।
ਬਣ ਨਾ ਤੂੰ ਐਨਾ ਬੇਦਰਦ ਵੇ ਸੱਜਣਾ,
ਛੱਡ ਵੀ ਤਾਂ ਦੇ ਮਗਰੂਰੀਆਂ....................

ਸੁਣ ਸੋਹਣੇ ਸੱਜਣਾ ਮੁਹੱਬਤਾਂ ਦਾ ਵੈਰੀ,
ਮੁੱਢ ਤੋਂ ਹੀ ਰਿਹਾ ਹੈ ਜੱਗ ਵੇ ।
ਇੱਕ ਜੇ ਤੂੰ ਰੁੱਸਿਆ ਸਾਥੋਂ ਜਿਊਣ ਜੋਗਿਆ ਵੇ,
ਸਾਡੇ ਭਾਅ ਦਾ ਰੁੱਸ ਜਾਣਾ ਰੱਬ ਵੇ ।
ਗੁੱਸੇ-ਗਿਲੇ ਸਾਰੇ ਛੱਡ ਪਰੇ "ਛਿੰਦਿਆ" ਵੇ,
ਕਰ ਵੀ ਤਾਂ ਦੇ ਆਸਾਂ ਪੂਰੀਆਂ............

ਆ ਸਾਡੇ ਵਿਹੜੇ ਕਦੇ ਦਿਲਾਂ ਦਿਆ ਮਹਿਰਮਾਂ ਵੇ,
ਕਿਹੜੀ ਗੱਲੋਂ ਪਾਈ ਬੈਠਾ ਦੂਰੀਆਂ ।
ਪਲੰਘ ਨਵਾਰੀ ਅਸੀਂ ਡਾਹੇ ਹਾਏ ਵੇ ਤੇਰੇ ਲਈ,
ਤੇਰੇ ਲਈ ਹੀ ਕੁੱਟੀਆਂ ਨੇ ਚੂਰੀਆਂ ।

Sunday, February 6, 2011

ਕੋਠੇ ਚੜ ਵਾਲ ਨਾ ਸੁਕਾਈਂ ਬਿੱਲੋ ਰਾਣੀਏ ਨੀ,
ਅੰਬਰਾਂ ਤੇ ਕਾਲੀ ਘਟਾ ਛਾ ਜਾਊਗੀ ।

ਮੁੱਖੜੇ ਤੋਂ ਘੁੰਡ ਨਾ ਤੂੰ ਚੁੱਕ ਬੈਠੀਂ ਸੋਹਨੀਏ ,
ਚੰਨ ਨੂੰ ਤਰੇਲੀ ਸੱਚੀ ਆ ਜਾਊਗੀ ।

ਸੱਪਣੀ ਦੀ ਤੋਰ ਨਾ ਤੂੰ ਤੁਰ ਜਿਉਣ ਜੋਗੀਏ,
ਕਈ ਦਿਲ ਪਾਗਲ ਬਣਾ ਜਊਗੀ ।

ਪਰਦੇ 'ਚ ਰੱਖ ਬਿਲੋ ਟੂਣੇ-ਹਾਰੀ ਅੱਖ ਨੂੰ,
ਬਿਨ ਪੀਤੇ ਨਸ਼ਾ ਇਹ ਚੜਾ ਜਾਊਗੀ ।

ਆਉਂਦੀ ਰਹੀ ਜੇ ਖਿਆਲਾਂ ਵਿੱਚ ਰੋਜ਼ ਤਸਵੀਰ ਤੇਰੀ,
ਸੱਚੀ "ਸੁਰਿੰਦਰ" ਨੂੰ ਸ਼ਾਅਰ ਬਣਾ ਜਾਊਗੀ ।

Friday, February 4, 2011

ਕੁੜੀਆਂ ਦੇ ਕੋਲੋ ਜਿਹੜਾ ਦੂਰ-ਦੂਰ ਰਹਿੰਦਾ ਸੀ ।
ਕੁੜੀਆਂ ਦਾ ਝੁੰਡ ਵੇਖ ਪਾਸਾ ਵੱਟ ਲੈਂਦਾ ਸੀ ।

ਮਾਪਿਆਂ ਦਾ ਬੀਬਾ ਪੁੱਤ ਕਿੰਨਾ ਹੀ ਸਿਆਣਾ ਸੀ ।
ਬਿਨਾਂ ਪੁੱਛੇ ਘਰੋਂ ਬਾਹਰ ਪੈਰ,ਨਾ ਪਾਉਂਦਾ ਮਰਜਾਣਾ ਸੀ ।

ਹੁਣ ਯਾਰ ਉਹਨੂੰ ਭੁੱਲੇ, ਜਿਹੜੇ ਸੀ ਅਣਮੁੱਲੇ ,
ਇੱਕ ਸੋਹਣੀ ਮੁਟਿਆਰ ਉੱਤੇ ਨੈਣ ਉਹਦੇ ਡੁੱਲੇ ।

ਕੁਝ ਹੀ ਦਿਨਾਂ 'ਚ ਉਹਨੇ ਨਸ਼ਾ ਕੈਸਾ ਚਾੜ ਦਿੱਤਾ,
ਕਿੰਨਾ ਸੀ ਸ਼ਰੀਫ ਯਾਰੋ ਹੁਣ ਤੱਕ "ਛਿੰਦਾ",
ਬਸ ਇੱਕ ਸੋਹਣੀ ਜਿਹੀ ਕੁੜੀ ਨੇ ਵਿਗਾੜ ਦਿੱਤਾ ।