Saturday, May 8, 2010

ਅਹਿਸਾਸ

ਪਤਾ ਨਹੀਂ ਕਿਉਂ ਅਜਕਲ ਦਿਲ ਉਦਾਸ ਰਹਿੰਦੈ,
ਸੱਜਣਾ ਤੋਂ ਜੁਦਾ ਹੋਣ ਦਾ ਅਹਿਸਾਸ ਰਹਿੰਦੈ ।
ਵੱਸਿਆ ਹੈ ਉਹ ਵੀ ਕੁਝ ਇਸ ਤਰਾਂ ਮੇਰੇ ਵਿੱਚ ,
ਆਤਮਾ ਵਿੱਚ ਜਿਵੇਂ ਪਰਮਾਤਮਾ ਦਾ ਵਾਸ ਰਹਿੰਦੈ ।
ਉਹਦਾ ਤੇ ਮੇਰਾ ਰਿਸ਼ਤਾ ਵੀ ਕੁਝ ਐਸਾ ਹੈ,
ਨੁੰਹਾਂ ਦੇ ਨਾਲ ਜਿਵੇਂ ਮਾਸ ਰਹਿੰਦੈ ।
ਬੜੀ ਦੂਰ ਚਲਾ ਗਿਆ ਹੈ ਬੇਸ਼ੱਕ ਉਹ ਸ਼ਕਸ ਮੈਥੋਂ,
ਫਿਰ ਵੀ ਇੰਞ ਲੱਗਦੈ ਜਿਵੇਂ ਆਸ ਪਾਸ ਰਹਿੰਦੈ ।
ਕੱਢ ਲਿਓ ਇਸ ਦਿਲ ਨੂੰ ਮੇਰੀ ਚਿਤਾ ਜਲਾਉਣ ਤੋਂ ਪਹਿਲਾਂ,
ਲੋਕੋ ਇਹਦੇ ਵਿੱਚ 'ਸੁਰਿੰਦਰ' ਦਾ ਕੋਈ ਸੱਜਣ ਖਾਸ ਰਹਿੰਦੈ ।

ਦੂਰ ਕਿਨਾਰੇ

ਬੇੜੀ ਵਿੱਚ ਦਰਿਆਵਾਂ ਦੇ ਕਿਨਾਰੇ ਨਹੀਂ ਮਿਲਦੇ ,
ਜਾਨ ਮੁਸ਼ਕਿਲ ਦੇ ਵਿੱਚ ਹੈ ਸਹਾਰੇ ਨਹੀਂ ਮਿਲਦੇ ।
ਐਵੇਂ ਗਲਤੀ ਕਰ ਬੈਠਾ ਮੈਂ ਇੱਕ ਚੰਨ ਨੂੰ ਛੂਹਣ ਦੀ,
ਧਰਤੀ ਦੇ ਬੰਦਿਆਂ ਨੂੰ ਤਾਰੇ ਨਹੀਂ ਮਿਲਦੇ ।
ਬੜੇ ਸ਼ੋਕ ਨਾਲ ਸੁਣਦੇ ਸੀ ਜੋ ਸਾਡੀਆਂ ਮਿੱਠੀਆਂ ਬਾਤਾਂ ਨੂੰ,
ਹੁਣ ਬਾਤਾਂ ਪਾਉਦੇ ਹਾਂ ਹੁੰਗਾਰੇ ਨਹੀਂ ਮਿਲਦੇ ।
ਦਿਨ ਜਿਹੜੇ ਬੀਤ ਗਏ ਉਹ ਫੇਰ ਨਾ ਮੁੜ ਕੇ ਆਉਂਦੇ,
ਦਿਨ ਯਾਰਾ ਬੇਲੀਆਂ ਨਾਲ ਗੁਜ਼ਾਰੇ ਨਹੀਂ ਮਿਲਦੇ ।
ਸੱਜਣ ਸਾਹਾਂ ਵਰਗੇ ਸੀ ਜੋ ਹੁਣ ਵਿਛੜ ਗਏ ਮੈਥੋਂ,
ਜਿਹੜੇ ਛੱਡ ਕੇ ਤੁਰ ਜਾਂਦੇ ਦੁਬਾਰੇ ਨਹੀਂ ਮਿਲਦੇ ।
ਮਰਜਾਣੇ ' ਛਿੰਦਿਆ ' ਵੇ ਜਿਹੜੀ ਲਿਖੀ ਸੀ ਜੀ ਲਈ ਏ ,
ਸਾਹ ਕਿਸੇ ਤੋਂ ਸੱਜਣਾ ਉਧਾਰੇ ਨਹੀਂ ਮਿਲਦੇ ।

Friday, May 7, 2010

ਨੇ ਫੁੱਲ ਵੀ ਬੜੇ ਸੋਹਣੇ,ਕਲੀਆਂ ਤੇ ਵੀ ਜੋਬਨ ਹੈ ,
ਪਰ ਗੱਲ ਹੀ ਹੈ ਵੱਖਰੀ ਤੇਰੇ ਸ਼ਬਾਬ ਵਿੱਚ ਸੱਜਣਾ |
ਤੇਰੇ ਨੈਣਾਂ ਦੀ ਮਸਤੀ ਜਿਹਾ ,
ਨਾ ਨਸ਼ਾ ਸ਼ਰਾਬ ਵਿੱਚ ਸੱਜਣਾ।
ਤੇਰੇ ਸਾਹਾਂ ਦੀ ਮਹਿਕ ਵਰਗੀ,
ਨਾ ਖੁਸ਼ਬੂ ਗੁਲਾਬ ਵਿੱਚ ਸੱਜਣਾ।
ਤੇਰੇ ਚੇਹਰੇ ਦੀ ਜੋ ਲਾਲੀ ਹੈ,
ਨਹੀਂ ਇਹ ਆਫਤਾਬ ਵਿੱਚ ਸੱਜਣਾ।
ਮੁੱਖੜੇ ਤੇ ਸ਼ਰਮ ਇੰਞ ਝਲਕੇ,
ਪਾਣੀ ਜੋ ਚਨਾਬ ਵਿੱਚ ਸੱਜਣਾ।
'ਛਿੰਦੇ' ਵੇਖਿਆ ਤੇ ਬਸ ਵੇਖਦਾ ਹੀ ਰਿਹ ਗਿਆ,
ਤੇਰਾ ਚੇਹਰਾ ਹਰ ਰੋਜ਼ ਆਪਣੇ ਖਾਬ ਵਿੱਚ ਸੱਜਣਾ ।