Wednesday, September 22, 2010
ਕਿਸਮਤ
ਸਾਡੇ ਪੱਲੇ ਜੁਦਾਈ ਤੁਹਾਡੀ, ਲਿਖਣ ਵਾਲਾ ਲਿਖ ਗਿਆ ।
ਖੁਸ਼ੀਆਂ ਨੂੰ ਉਮਰ ਭਰ ਦੀ ਕੈਦ,
ਗਮਾਂ ਨੂੰ ਪੂਰੀ ਆਜ਼ਾਦੀ, ਲਿਖਣ ਵਾਲਾ ਲਿਖ ਗਿਆ ।
ਸਰ ਕਰ ਲਈਆਂ ਤੁਸੀਂ ਤਾਂ ਕਈ ਮੰਜ਼ਿਲਾਂ,
ਸਾਡੇ ਲੇਖੀਂ ਰਹਿਣਾ ਫਾਡੀ, ਲਿਖਣ ਵਾਲਾ ਲਿਖ ਗਿਆ ।
ਜੋ ਲਗਦੇ ਨੇ ਮੈਨੂੰ ਪੱਤੀਆਂ ਗੁਲਾਬ ਦੀਆਂ,
ਕਿਸ ਦੀ ਕਿਸਮਤ ਉਹ ਹੋਠ ਗੁਲਾਬੀ, ਲਿਖਣ ਵਾਲਾ ਲਿਖ ਗਿਆ ।
ਕਿਸਮਤ ਦਾ ਤਾਲਾ ਹਾਲੇ ਤੱਕ ਤਾਂ ਬੰਦ ਹੈ "ਛਿੰਦਿਆ",
ਖੋਰੇ ਕਿਸ ਹੱਥ ਇਸ ਤਾਲੇ ਦੀ ਚਾਬੀ, ਲਿਖਣ ਵਾਲਾ ਲਿਖ ਗਿਆ ।
Sunday, September 12, 2010
ਕਿਸੇ ਗੋਰਖ ਦੇ ਟਿੱਲੇ ਤੋਂ ਰਾਂਝੇ ਵਾਂਗ ਕੰਨ ਪੜਵਾਉਣ ਚੱਲਿਆਂ ।
ਛੂਕਦੇ ਝਨਾਂ ਹਮੇਸ਼ਾ ਰਹੇ ਨੇ ਬਣ ਕੇ ਮੌਤ ਆਸ਼ਕਾਂ ਲਈ,
ਮੈਂ ਵੀ ਕੱਚਿਆ ਤੇ ਤਾਰੀਆਂ ਲਾਉਣ ਚੱਲਿਆਂ ।
ਤਪਦੇ ਥਲਾਂ ਵੀ ਲਿਆ ਸਦਾ ਇਮਿਤਿਹਾਨ ਇਸ਼ਕ ਦਾ,
ਸੁਰਖ ਅੰਗਾਰਿਆਂ ਤੇ ਖੁਦ ਨੂੰ ਜਲਾਉਣ ਚੱਲਿਆਂ ।
ਜਿਉਂਦੇ ਜੀ ਉਸਨੂੰ ਭੁੱਲਣਾ ਮੁਸ਼ਕਿਲ ਹੈ " ਸੁਰਿੰਦਰ ",
ਤਾਂ ਹੀ ਖ਼ੁਦ ਦੀ ਹਸਤੀ ਨੂੰ ਮਿਟਾਉਣ ਚੱਲਿਆਂ ।
Wednesday, September 8, 2010
ਇੰਤਜ਼ਾਰ
ਉਹੀ ਦਿਲਬਰ ਤੇ ਉਹੀ ਦਿਲਦਾਰ ਮੇਰਾ ।
ਮੇਰੇ ਲਈ ਹੈ ਸਬ ਕੁਛ ਯਾਰ ਮੇਰਾ ।
ਕਰਦੇ ਰਹੇ ਹੁਣ ਤੱਕ ਇੰਤਜ਼ਾਰ ਜਿਸਦਾ,
ਪਰ ਆਇਆ ਹੀ ਨਹੀਂ ਉਹ ਦਿਲਦਾਰ ਮੇਰਾ ।
ਉਹਦੇ ਲਈ ਭਾਵੇਂ ਅਸੀਂ ਕੁਝ ਵੀ ਨਹੀਂ,
ਮੇਰੇ ਲਈ ਹੈ ਉਹ ਪਰਵਰਦਿਗਾਰ ਮੇਰਾ ।
ਮੁਹੱਬਤ ਚਿਹਰਿਆਂ ਦੀ ਨਹੀਂ ਮੋਹਤਾਜ਼ ਹੁੰਦੀ,
ਰੂਹਾਂ ਦਾ ਹੈ ਪਾਕ ਪਿਆਰ ਮੇਰਾ ।
ਉਹਦੇ ਬਿਨਾਂ ਵੀਰਾਨ ਇਹ ਜ਼ਿੰਦਗੀ ਹੈ,
ਉਹਦੇ ਨਾਲ ਹੈ ਵੱਸਦਾ ਸੰਸਾਰ ਮੇਰਾ ।
ਉਹਦੀ ਆਖੀ ਹਰ ਗੱਲ ਮੰਨ ਲਈਏ,
ਰੱਬ ਵਾਂਗ ਉਹਦੇ ਤੇ ਐਤਬਾਰ ਮੇਰਾ।
ਫਿਰ ਚਾਹੇ ਉਹ ਉਮਰਾਂ ਦੀ ਪੀੜ ਦੇ ਜਾਏ,
ਪਿਆਰ ਕਰੇ ਕਬੂਲ ਇੱਕ ਵਾਰ ਮੇਰਾ ।
ਵੈਦ,ਹਕੀਮ ਕੀ ਨਬਜ਼ ਪਛਾਣਸਨ ਹੁਣ "ਛਿੰਦੇ",
ਉਹਦੇ ਪਿਆਰ ਦਾ ਦਿਲ ਬੀਮਾਰ ਮੇਰਾ।
ਸਫ਼ਰ ਜ਼ਿੰਦਗੀ ਦਾ
ਮੰਜ਼ਿਲ ਦੂਰ ਸੀ ਅਜੇ ਤੇ ਰਸਤਾ ਮੁੱਕ ਚੱਲਿਆ,
ਸਫ਼ਰ ਜ਼ਿੰਦਗੀ ਦਾ ਹੁਣ ਰੁਕ ਚੱਲਿਆ ।
ਹਾਸੇ ਵੰਡਦਾ ਸੀ ਸ਼ਖਸ ਜੋ ਸਾਰਿਆ ਨੂੰ,
ਗ਼ਮ ਉਹਦੀ ਜ਼ਿੰਦਗੀ ਵਿੱਚ ਧੁੱਖ ਚੱਲਿਆ ।
ਹੱਸ ਬੋਲਦਾ ਸੀ ਹਰ ਇੱਕ ਨਾਲ ਜਿਹੜਾ,
ਹੁਣ ਹੋ ਕਾਹਤੋਂ ਉਹ ਚੁੱਪ ਚੱਲਿਆ ।
ਬੂਟਾ ਇਸ਼ਕ ਦਾ ਲਾਇਆ ਜੋ ਰਲ ਕੇ ਅਸੀਂ,
ਉਹਦੇ ਪਿਆਰ ਦੇ ਬਾਝੋਂ ਸੁੱਕ ਚੱਲਿਆ ।
ਮੋਮ ਹੁੰਦਾ ਸੀ ਕਦੇ ਮਨ ਜਿਸਦਾ,
ਬਣ ਕਾਹਤੋਂ ਪੱਥਰ ਦਾ ਬੁੱਤ ਚੱਲਿਆ ।
ਚਮਕਦਾ ਸੀ ਜਿਹੜਾ ਕਦੇ ਚੰਨ ਵਾਗੂੰ,
ਅੱਜ ਬੱਦਲਾਂ ਹੇਠ ਹੈ ਲੁਕ ਚੱਲਿਆ ।
ਆਇਆ ਸੀ ਜੋ ਬਹਾਰਾਂ ਮਾਣਨੇ ਨੂੰ,
ਹੰਡਾ ਕਾਹਤੋਂ ਪਤਝੜ ਦੀ ਰੁੱਤ ਚੱਲਿਆ ।
ਸੀ ਇਸ਼ਕ ਦਾ ਇਹੀ ਅੰਜ਼ਾਮ " ਛਿੰਦਿਆ ",
ਸਾਥ ਜ਼ਿੰਦਗੀ ਤੋਂ ਸਾਡਾ ਹੈ ਟੁੱਟ ਚੱਲਿਆ ।
ਕਿਸਾਨ
ਦੂਜਿਆ ਦੇ ਪੇਟ ਭਰਦਾ ਹੈ ਜੋ,
ਪੇਟ ਉਸਦਾ ਖਾਲੀ ਕਿਉਂ ਹੈ ।
ਦਿਨ-ਰਾਤ ਜੋ ਮਿਹਨਤ ਕਰਦਾ,
ਘਰ ਉਸਦੇ ਮੰਦਹਾਲੀ ਕਿਉਂ ਹੈ ।
ਦੂਜਿਆ ਦੇ ਘਰ ਰੋਸ਼ਨ ਜਿਸ ਕਰਕੇ,
ਹਨੇਰੇ ਵਿੱਚ ਉਹਦੀ ਦੀਵਾਲੀ ਕਿਉਂ ਹੈ ।
ਸ਼ਾਹਾਂ ਦੀ ਖੁਦਗਰਜ਼ੀ ਦਾ ਸ਼ਿਕਾਰ ਹੈ ਅੱਜ ਵੀ,
ਲਟਕਦੀ ਉਸ ਤੇ ਤਲਵਾਰ ਕਰਜ਼ੇ ਵਾਲੀ ਕਿਉਂ ਹੈ ।
--------------------------
ਕਦੇ ਸੋਕੇ ਕਦੇ ਹੜਾਂ ਦੀ ਮਾਰ ਵਿੱਚ ਮਰਦਾ ਆ ਰਿਹੈ,
ਮੁੱਢ ਤੋਂ ਹੀ ਬਸ ਵਿਚਾਰਾ ਸਬਰ ਕਰਦਾ ਆ ਰਿਹੈ ।
ਮੁਆਵਜ਼ੇ ਦੇ ਨਾ ਤੇ ਮਿਲਦੀ ਹੈ ਦਿਖਾਵੇ ਦੀ ਹਮਦਰਦੀ,
ਸਰਕਾਰਾਂ ਦੀ ਅਣਦੇਖੀ ਨੂੰ ਹੁਣ ਤੱਕ ਜ਼ਰਦਾ ਆ ਰਿਹੈ ।
ਸਿਆਸਤਾਂ ਨੇ ਭਲਾ ਫਿਰ ਵੀ ਆਪਣਾ ਹੀ ਸੋਚਿਆ ਐ,
ਅੰਨਦਾਤਾ ਭਾਵੇਂ ਉਹਦੇ ਨਾਲ ਖੜਦਾ ਆ ਰਿਹੈ ।
ਬੰਦੇ ਹੱਥੋਂ ਬੰਦੇ ਦੀ ਲੁੱਟ ਖਤਮ ਹੁੰਦੀ ਨਹੀਂ ਦਿਸਦੀ,
ਭਗਤ ਸਿੰਘ ਜਿਸ ਲਈ ਸੂਲੀ ਤੇ ਚੜਦਾ ਆ ਰਿਹੈ ।