Wednesday, December 22, 2010

ਗ਼ਜ਼ਲ

ਕੀ ਯਾਦ ਤੇਰੀ ਆ ਗਈ ।
ਦਿਲ ਤੇ ਉਦਾਸੀ ਛਾ ਗਈ ।

ਇੱਕ ਵਸਲ ਦੀ ਘੜੀ ਬਦਲੇ,
ਉਮਰਾਂ ਜੁਦਾਈ ਖਾ ਗਈ ।

ਤੂੰ ਕੀ ਬੇਗਾਨਾ ਆਖਿਆ,
ਮੇਰੀ ਰੂਹ ਤਿਲਮਿਲਾ ਗਈ ।

ਧੰਨਵਾਦ ਹੈ ਉਸਦਾ ਬੜਾ,
ਪੀੜਾ ਜੋ ਝੋਲੀ ਪਾ ਗਈ ।

ਖ਼ਤ ਵੀ ਲਿਖਾਂ ਮੈਂ ਕਿਸਨੂੰ,
ਦੱਸ ਕੇ ਨਾ ਪਤਾ ਗਈ।

"ਛਿੰਦਿਆ" ਦਿਲ ਦੇ ਕੋਲ ਹੈ,
ਉਞ ਦੂਰੀਆਂ ਜੋ ਪਾ ਗਈ ।

Wednesday, December 15, 2010

ਗ਼ਜ਼ਲ

ਦਿਲ ਨੂੰ ਹੌਕੇ ਭਰਦਾ ਰਹਿਣ ਦੇ ।
ਵਾਂਗ ਪਤਾਸੇ ਖਰਦਾ ਰਹਿਣ ਦੇ।

ਤੈਨੂੰ ਕੀ ਇਸ ਨਾਲ ਬੇਦਰਦਾਂ,
ਕੋਈ ਮਰਦੈ ਤਾਂ ਮਰਦਾ ਰਹਿਣ ਦੇ ।

ਨਾ ਦੇ ਝੂਠੇ ਦਿਲਾਸੇ ਦਿਲ ਨੂੰ,
ਪੀੜਾਂ ਨੂੰ ਬਸ ਜ਼ਰਦਾ ਰਹਿਣ ਦੇ ।

ਹਰ ਗੱਲ ਨਹੀਂ ਦੱਸੀ ਦੀ ਹੁੰਦੀ,
ਇਸ ਰਾਜ਼ ਤੇ ਪਰਦਾ ਰਹਿਣ ਦੇ ।

ਛੱਡ "ਛਿੰਦਿਆ" ਤੂੰ ਕੀ ਲੈਣਾ,
ਜੱਗ ਨੂੰ ਗੱਲਾਂ ਕਰਦਾ ਰਹਿਣ ਦੇ ।

Thursday, November 25, 2010

ਮੈਂ ਤੇ ਮੇਰੀ ਤਨਹਾਈ ਜਦ ਵੀ ਇਕੱਠਿਆਂ ਬਹਿੰਦੇ ਹਾਂ ।
ਤੇਰੇ ਬਾਰੇ ਅਕਸਰ ਹੀ ਅਸੀਂ ਗੱਲਾਂ ਕਰਦੇ ਰਹਿੰਦੇ ਹਾਂ ।

ਮਰ ਕੇ ਵੀ ਨਹੀਂ ਜਾਣੀ ਦਿਲ ਚੋਂ ਲੱਗਦੈ ਯਾਦ ਤੇਰੀ,
ਉਞ ਤਾਂ ਤੈਨੂੰ ਭੁੱਲਣ ਦੀ ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਹਾਂ ।

ਹੱਸਦੀ ਹੋਈ ਸੂਰਤ ਤੇਰੀ ਅੱਖਾਂ ਅੱਗੇ ਆਨ ਖਲੋ ਜਾਵੇ,
ਭੁੱਲ-ਭੁਲੇਖੇ ਜਦ ਵੀ ਤੇਰੇ ਪਿੰਡ ਦੀ ਰਾਹੇ ਪੈਂਦੇ ਹਾਂ ।

ਜਦ ਵੀ "ਛਿੰਦੇ" ਨੂੰ ਤੇਰੀ ਯਾਦ ਸਤਾਵੇ ਸੱਜਣਾ ਵੇ,
ਕੱਢ ਕੇ ਤੇਰੇ ਖਤ ਪੁਰਾਣੇ ਨਵੇਂ ਸਮਝ ਪੜ ਲੈਂਦੇ ਹਾਂ।

Tuesday, October 5, 2010

ਗ਼ਜ਼ਲ

ਯਾਦ ਤੇਰੀ ਰਾਤ ਭਰ ਜਗਾਵੇ ਤਾਂ ਕੀ ਕਰਾਂ ।
ਨੀਂਦ ਅੱਖਾਂ ਵਿੱਚ ਹੀ ਨਾ ਆਵੇ ਤਾਂ ਕੀ ਕਰਾਂ ।

ਆਦੀ ਨਹੀਂ ਹਾਂ ਪੀਣ ਦਾ ਵੈਸੇ ਤਾਂ ਮੈਂ,
ਤੇਰੀ ਸਹੁੰ ਦੇ ਕੇ ਕੋਈ ਪਿਆਵੇ ਤਾਂ ਕੀ ਕਰਾਂ ।

ਮੈਂ ਤਾਂ ਕੀਤੀ ਸੀ ਕੋਸ਼ਿਸ਼ ਉਸ ਪਾਰ ਆਉਣ ਦੀ,
ਜੇ ਕੱਚਾ ਪਾਰ ਹੀ ਨਾ ਲੰਘਾਵੇ ਤਾਂ ਕੀ ਕਰਾਂ ।

ਜ਼ਮਾਨਾ ਖ਼ਫਾ ਹੈ ਮੇਰੀ ਸੱਚ ਬੋਲਣ ਦੀ ਆਦਤ ਤੋਂ,
ਝੂਠ ਮੈਥੋ ਵੀ ਬੋਲਿਆ ਨਾ ਜਾਵੇ ਤਾਂ ਕੀ ਕਰਾਂ।

ਮੈਂ ਤਾਂ ਕੀਤੀ ਕੋਸ਼ਿਸ਼ ਬੜੀ ਇਸਨੂੰ ਸਮਝਾਉਣ ਦੀ,
ਸਮਝ ਦਿਲ ਨੂੰ ਹੀ ਨਾ ਆਵੇ ਤਾਂ ਕੀ ਕਰਾਂ ।

ਚੂਰੀਆਂ ਕੁੱਟੀਆਂ ਉਸ ਲਈ ਪਰ ਉਹ ਖਾਂਦਾ ਹੀ ਨਹੀਂ,
ਮਾਸ ਦਿਲ ਦਾ ਹੀ ਖਾਵੇ ਤਾਂ ਕੀ ਕਰਾਂ ।

ਦੇ ਗਿਆ ਜੋ ਗੁੱਸੇ,ਗਿਲੇ,ਤਨਹਾਈਆਂ ਤੇ ਸ਼ਿਕਵੇ ਮੈਨੂੰ,
ਦਿਲ ਫਿਰ ਵੀ ਉਸਨੂੰ ਚਾਹਵੇ ਤਾਂ ਕੀ ਕਰਾਂ ।

ਪੁੱਛਦੇ ਨੇ ਲੋਕ ਕਿਉਂ ਲਿਖਦਾ ਏ " ਛਿੰਦਿਆ ",
ਯਾਦ ਉਸ ਦੀ ਜੇ ਲਿਖਾਵੇ ਤਾਂ ਕੀ ਕਰਾਂ ।

Wednesday, September 22, 2010

ਕਿਸਮਤ

ਖੋਰੇ ਕੀ ਕਿਸਮਤ ਵਿੱਚ ਸਾਡੀ, ਲਿਖਣ ਵਾਲਾ ਲਿਖ ਗਿਆ ।
ਸਾਡੇ ਪੱਲੇ ਜੁਦਾਈ ਤੁਹਾਡੀ, ਲਿਖਣ ਵਾਲਾ ਲਿਖ ਗਿਆ ।

ਖੁਸ਼ੀਆਂ ਨੂੰ ਉਮਰ ਭਰ ਦੀ ਕੈਦ,
ਗਮਾਂ ਨੂੰ ਪੂਰੀ ਆਜ਼ਾਦੀ, ਲਿਖਣ ਵਾਲਾ ਲਿਖ ਗਿਆ ।

ਸਰ ਕਰ ਲਈਆਂ ਤੁਸੀਂ ਤਾਂ ਕਈ ਮੰਜ਼ਿਲਾਂ,
ਸਾਡੇ ਲੇਖੀਂ ਰਹਿਣਾ ਫਾਡੀ, ਲਿਖਣ ਵਾਲਾ ਲਿਖ ਗਿਆ ।

ਜੋ ਲਗਦੇ ਨੇ ਮੈਨੂੰ ਪੱਤੀਆਂ ਗੁਲਾਬ ਦੀਆਂ,
ਕਿਸ ਦੀ ਕਿਸਮਤ ਉਹ ਹੋਠ ਗੁਲਾਬੀ, ਲਿਖਣ ਵਾਲਾ ਲਿਖ ਗਿਆ ।

ਕਿਸਮਤ ਦਾ ਤਾਲਾ ਹਾਲੇ ਤੱਕ ਤਾਂ ਬੰਦ ਹੈ "ਛਿੰਦਿਆ",
ਖੋਰੇ ਕਿਸ ਹੱਥ ਇਸ ਤਾਲੇ ਦੀ ਚਾਬੀ, ਲਿਖਣ ਵਾਲਾ ਲਿਖ ਗਿਆ ।

Sunday, September 12, 2010

ਬਣ ਜੋਗੀ ਕਿਸੇ ਹੀਰ ਦੇ ਦਰ ਤੇ ਅਲਖ਼ ਜਗਾਉਣ ਚੱਲਿਆਂ ,
ਕਿਸੇ ਗੋਰਖ ਦੇ ਟਿੱਲੇ ਤੋਂ ਰਾਂਝੇ ਵਾਂਗ ਕੰਨ ਪੜਵਾਉਣ ਚੱਲਿਆਂ ।

ਛੂਕਦੇ ਝਨਾਂ ਹਮੇਸ਼ਾ ਰਹੇ ਨੇ ਬਣ ਕੇ ਮੌਤ ਆਸ਼ਕਾਂ ਲਈ,
ਮੈਂ ਵੀ ਕੱਚਿਆ ਤੇ ਤਾਰੀਆਂ ਲਾਉਣ ਚੱਲਿਆਂ ।

ਤਪਦੇ ਥਲਾਂ ਵੀ ਲਿਆ ਸਦਾ ਇਮਿਤਿਹਾਨ ਇਸ਼ਕ ਦਾ,
ਸੁਰਖ ਅੰਗਾਰਿਆਂ ਤੇ ਖੁਦ ਨੂੰ ਜਲਾਉਣ ਚੱਲਿਆਂ ।

ਜਿਉਂਦੇ ਜੀ ਉਸਨੂੰ ਭੁੱਲਣਾ ਮੁਸ਼ਕਿਲ ਹੈ " ਸੁਰਿੰਦਰ ",
ਤਾਂ ਹੀ ਖ਼ੁਦ ਦੀ ਹਸਤੀ ਨੂੰ ਮਿਟਾਉਣ ਚੱਲਿਆਂ ।

Wednesday, September 8, 2010

ਇੰਤਜ਼ਾਰ



ਉਹੀ ਦਿਲਬਰ ਤੇ ਉਹੀ ਦਿਲਦਾਰ ਮੇਰਾ ।
ਮੇਰੇ ਲਈ ਹੈ ਸਬ ਕੁਛ ਯਾਰ ਮੇਰਾ ।


ਕਰਦੇ ਰਹੇ ਹੁਣ ਤੱਕ ਇੰਤਜ਼ਾਰ ਜਿਸਦਾ,
ਪਰ ਆਇਆ ਹੀ ਨਹੀਂ ਉਹ ਦਿਲਦਾਰ ਮੇਰਾ ।

ਉਹਦੇ ਲਈ ਭਾਵੇਂ ਅਸੀਂ ਕੁਝ ਵੀ ਨਹੀਂ,
ਮੇਰੇ ਲਈ ਹੈ ਉਹ ਪਰਵਰਦਿਗਾਰ ਮੇਰਾ ।

ਮੁਹੱਬਤ ਚਿਹਰਿਆਂ ਦੀ ਨਹੀਂ ਮੋਹਤਾਜ਼ ਹੁੰਦੀ,
ਰੂਹਾਂ ਦਾ ਹੈ ਪਾਕ ਪਿਆਰ ਮੇਰਾ ।

ਉਹਦੇ ਬਿਨਾਂ ਵੀਰਾਨ ਇਹ ਜ਼ਿੰਦਗੀ ਹੈ,
ਉਹਦੇ ਨਾਲ ਹੈ ਵੱਸਦਾ ਸੰਸਾਰ ਮੇਰਾ ।

ਉਹਦੀ ਆਖੀ ਹਰ ਗੱਲ ਮੰਨ ਲਈਏ,
ਰੱਬ ਵਾਂਗ ਉਹਦੇ ਤੇ ਐਤਬਾਰ ਮੇਰਾ।

ਫਿਰ ਚਾਹੇ ਉਹ ਉਮਰਾਂ ਦੀ ਪੀੜ ਦੇ ਜਾਏ,
ਪਿਆਰ ਕਰੇ ਕਬੂਲ ਇੱਕ ਵਾਰ ਮੇਰਾ ।

ਵੈਦ,ਹਕੀਮ ਕੀ ਨਬਜ਼ ਪਛਾਣਸਨ ਹੁਣ "ਛਿੰਦੇ",
ਉਹਦੇ ਪਿਆਰ ਦਾ ਦਿਲ ਬੀਮਾਰ ਮੇਰਾ।

ਸਫ਼ਰ ਜ਼ਿੰਦਗੀ ਦਾ



ਮੰਜ਼ਿਲ ਦੂਰ ਸੀ ਅਜੇ ਤੇ ਰਸਤਾ ਮੁੱਕ ਚੱਲਿਆ,
ਸਫ਼ਰ ਜ਼ਿੰਦਗੀ ਦਾ ਹੁਣ ਰੁਕ ਚੱਲਿਆ ।

ਹਾਸੇ ਵੰਡਦਾ ਸੀ ਸ਼ਖਸ ਜੋ ਸਾਰਿਆ ਨੂੰ,
ਗ਼ਮ ਉਹਦੀ ਜ਼ਿੰਦਗੀ ਵਿੱਚ ਧੁੱਖ ਚੱਲਿਆ ।

ਹੱਸ ਬੋਲਦਾ ਸੀ ਹਰ ਇੱਕ ਨਾਲ ਜਿਹੜਾ,
ਹੁਣ ਹੋ ਕਾਹਤੋਂ ਉਹ ਚੁੱਪ ਚੱਲਿਆ ।

ਬੂਟਾ ਇਸ਼ਕ ਦਾ ਲਾਇਆ ਜੋ ਰਲ ਕੇ ਅਸੀਂ,
ਉਹਦੇ ਪਿਆਰ ਦੇ ਬਾਝੋਂ ਸੁੱਕ ਚੱਲਿਆ ।

ਮੋਮ ਹੁੰਦਾ ਸੀ ਕਦੇ ਮਨ ਜਿਸਦਾ,
ਬਣ ਕਾਹਤੋਂ ਪੱਥਰ ਦਾ ਬੁੱਤ ਚੱਲਿਆ ।

ਚਮਕਦਾ ਸੀ ਜਿਹੜਾ ਕਦੇ ਚੰਨ ਵਾਗੂੰ,
ਅੱਜ ਬੱਦਲਾਂ ਹੇਠ ਹੈ ਲੁਕ ਚੱਲਿਆ ।

ਆਇਆ ਸੀ ਜੋ ਬਹਾਰਾਂ ਮਾਣਨੇ ਨੂੰ,
ਹੰਡਾ ਕਾਹਤੋਂ ਪਤਝੜ ਦੀ ਰੁੱਤ ਚੱਲਿਆ ।

ਸੀ ਇਸ਼ਕ ਦਾ ਇਹੀ ਅੰਜ਼ਾਮ " ਛਿੰਦਿਆ ",
ਸਾਥ ਜ਼ਿੰਦਗੀ ਤੋਂ ਸਾਡਾ ਹੈ ਟੁੱਟ ਚੱਲਿਆ ।

ਇਸ਼ਕ ਇਬਾਦਤ ਤੇ ਯਾਰ ਖੁਦਾ ਮੇਰੇ ਲਈ ।
ਵਫਾ ਕਰਕੇ ਵੀ ਹਿੱਸੇ ਸਜ਼ਾ ਮੇਰੇ ਲਈ ।
ਪਹਿਲਾਂ ਨਹੀਂ ਸੀ ਕੋਈ ਮਕਸਦ ਜ਼ਿੰਦਗੀ ਦਾ,
ਹੁਣ ਬਣ ਗਈ ਉਹ ਜੀਣ ਦੀ ਵਜਾ ਮੇਰੇ ਲਈ ।
ਤੂੰ ਬਣ ਜਾਵੇਂ ਨਸੀਬ ਰੱਬ ਕਰਕੇ ਨਸੀਬ ਮੇਰਾ,
ਹੋ ਸਕੇ ਤਾਂ ਕਰੀ ਇਹ ਦੁਆ ਮੇਰੇ ਲਈ ।
ਗ਼ਮ ਸਹਿ ਕੇ ਵੀ ਖੁਸ਼ ਹੈ "ਛਿੰਦਾ",
ਸਿਰ ਮੱਥੇ ਰੱਬ ਦੀ ਰਜ਼ਾ ਮੇਰੇ ਲਈ ।

ਕਿਸਾਨ



ਦੂਜਿਆ ਦੇ ਪੇਟ ਭਰਦਾ ਹੈ ਜੋ,
ਪੇਟ ਉਸਦਾ ਖਾਲੀ ਕਿਉਂ ਹੈ ।
ਦਿਨ-ਰਾਤ ਜੋ ਮਿਹਨਤ ਕਰਦਾ,
ਘਰ ਉਸਦੇ ਮੰਦਹਾਲੀ ਕਿਉਂ ਹੈ ।
ਦੂਜਿਆ ਦੇ ਘਰ ਰੋਸ਼ਨ ਜਿਸ ਕਰਕੇ,
ਹਨੇਰੇ ਵਿੱਚ ਉਹਦੀ ਦੀਵਾਲੀ ਕਿਉਂ ਹੈ ।
ਸ਼ਾਹਾਂ ਦੀ ਖੁਦਗਰਜ਼ੀ ਦਾ ਸ਼ਿਕਾਰ ਹੈ ਅੱਜ ਵੀ,
ਲਟਕਦੀ ਉਸ ਤੇ ਤਲਵਾਰ ਕਰਜ਼ੇ ਵਾਲੀ ਕਿਉਂ ਹੈ ।
--------------------------
ਕਦੇ ਸੋਕੇ ਕਦੇ ਹੜਾਂ ਦੀ ਮਾਰ ਵਿੱਚ ਮਰਦਾ ਆ ਰਿਹੈ,
ਮੁੱਢ ਤੋਂ ਹੀ ਬਸ ਵਿਚਾਰਾ ਸਬਰ ਕਰਦਾ ਆ ਰਿਹੈ ।
ਮੁਆਵਜ਼ੇ ਦੇ ਨਾ ਤੇ ਮਿਲਦੀ ਹੈ ਦਿਖਾਵੇ ਦੀ ਹਮਦਰਦੀ,
ਸਰਕਾਰਾਂ ਦੀ ਅਣਦੇਖੀ ਨੂੰ ਹੁਣ ਤੱਕ ਜ਼ਰਦਾ ਆ ਰਿਹੈ ।
ਸਿਆਸਤਾਂ ਨੇ ਭਲਾ ਫਿਰ ਵੀ ਆਪਣਾ ਹੀ ਸੋਚਿਆ ਐ,
ਅੰਨਦਾਤਾ ਭਾਵੇਂ ਉਹਦੇ ਨਾਲ ਖੜਦਾ ਆ ਰਿਹੈ ।
ਬੰਦੇ ਹੱਥੋਂ ਬੰਦੇ ਦੀ ਲੁੱਟ ਖਤਮ ਹੁੰਦੀ ਨਹੀਂ ਦਿਸਦੀ,
ਭਗਤ ਸਿੰਘ ਜਿਸ ਲਈ ਸੂਲੀ ਤੇ ਚੜਦਾ ਆ ਰਿਹੈ ।

Wednesday, August 25, 2010

ਗਜ਼ਲ

ਤੋੜੀ ਨਾ ਮੇਰੀ ਆਸਥਾ ।
ਪਾਉਂਦਾ ਰਿਹਾ ਉਸਨੂੰ ਮੈਂ ਵਾਸਤਾ ।

ਪਰ ਉਸਨੇ ਇੱਕ ਨਾ ਸੁਣੀ ਤੇ,
ਦੇ ਗਈ ਜ਼ਿੰਦਗੀ ਨੂੰ ਇੱਕ ਹਾਦਸਾ।

ਹੰਝੂ ਆ ਗਏ ਨੇ ਹਿੱਸੇ ਮੇਰੇ,
ਹਾਸਿਆਂ ਨਾਲ ਰਿਹਾ ਨਾ ਰਾਬਤਾ ।

ਮੰਜ਼ਿਲ ਦੀ ਵੀ ਕੋਈ ਖਬਰ ਨਹੀਂ,
ਰਸਤਾ ਵੀ ਹੋ ਗਿਆ ਲਾ ਪਤਾ ।

ਕੋਈ ਗਮਖਾਰ ਵੀ ਨਹੀਂ ਮੇਰਾ,
ਕਿਸਨੂੰ ਸੁਣਾਵਾਂ ਗਾ ਇਹ ਦਾਸਤਾਂ ।

ਕਿਸਮਤ ਦੀ ਗੱਲ ਸੀ ਇਹ ਤਾਂ ਬੱਸ ,
ਕਰਾਂ ਗਿਲਾ ਉਸ ਨਾਲ ਵੀ ਕਾਸਦਾ ।

ਚੁੱਪ ਹਾਂ ਉਸ ਦਿਨ ਤੋਂ ਕਿਸੇ ਬੁੱਤ ਵਾਂਗ,
ਪੱਥਰ ਹੋ ਗਿਆ ਹਾਂ ਜਾਪਦਾ ।

" ਸੁਰਿੰਦਰ " ਇਹ ਤਾਂ ਨਸੀਬ ਸੀ,
ਜਾਂ ਫਲ ਸੀ ਕਿਸੇ ਸਰਾਪ ਦਾ ।

Monday, August 23, 2010

ਸਾਰੀ ਦੁਨੀਆਂ ਤੋਂ ਮੈਂ ਜੁਦਾ ਹੋ ਗਿਆ ,
ਵੇਖ ਤੇਰੀ ਮੁਹੱਬਤ ਵਿੱਚ ਫਨਾ ਹੋ ਗਿਆ ।
ਪਤਾ ਹੀ ਨਾ ਲੱਗਿਆ ਦਿਲ ਨੂੰ,
ਕਦੋ ਪਿਆਰ ਤੇਰੇ ਨਾਲ ਬੇਪਨਾਹ ਹੋ ਗਿਆ।
ਪਰੀਤ ਨਾਲ ਗਿਲਾ ਕੋਈ ਕੀਤਾ ਹੀ ਨਹੀਂ ਅਸੀਂ,
ਉਸ ਨੂੰ ਹੀ ਕੋਈ ਗੁਮਾਂ ਹੋ ਗਿਆ ।
ਸੁਰਿੰਦਰ ਇਸ ਫਾਨੀ ਜਿਹੀ ਦੁਨੀਆਂ ਤੋਂ,
ਹੁਣ ਜਾਣ ਦਾ ਸਾਡਾ ਸਮਾਂ ਹੋ ਗਿਆ ।

Wednesday, August 18, 2010

ਪੱਥਰ ਹੈ ਅੱਜ ਵੀ ਅਹਿੱਲਿਆ ਕੋਈ,
ਕਿਸੇ ਗੌਤਮ ਦੀ ਸਰਾਪੀ,
ਸ਼ਾਇਦ ਹੀ ਆਏ ਹੁਣ ਰਾਮ ਕੋਈ ,
ਉਸ ਦੇ ਉਧਾਰ ਲਈ ।

ਖੁਸ਼ ਹੈ ਫਕੀਰ ਵੇਖੋ,
ਉਸ ਰੱਬ ਦੀ ਮੌਜ ਵਿੱਚ ।
ਮਰ ਰਿਹਾ ਹੈ ਸ਼ਾਹੂਕਾਰ ਕਿੰਞ,
ਪੈਸੇ ਦੇ ਪਿਆਰ ਲਈ ।

ਚੱਲ ਪਏ ਹਾਂ ਦੋਸਤੋ,
ਮੰਜ਼ਿਲ ਵੱਲ ਰੁੱਖ ਕਰ ਕੇ ।
ਮਨ ਵਿੱਚ ਨਹੀਂ ਸਵਾਲ ਕੋਈ,
ਜਿੱਤ ਜਾਂ ਹਾਰ ਲਈ ।

ਉਸ ਦਿਨ ਤੋਂ ਰੱਬ ਦੇ,
ਹੋਰ ਵੀ ਨੇੜੇ ਹੋ ਗਿਆਂ ।
ਚੱਲਿਆ ਹਾਂ ਜਿਸ ਦਿਨ ਤੋਂ ,
ਮਨ ਦੇ ਸ਼ਿਕਾਰ ਲਈ ।

ਮੇਟ ਕੇ ਦਿਲੋਂ ਨਫਰਤਾਂ,
ਚਲੋ ਸਿੱਖੀਏ ਮੁਹੱਬਤਾਂ ।
ਕੁਝ ਤੇ ਚੰਗਾ ਛੱਡ ਜਾਈਏ ,
ਯਾਰੋ ਇਸ ਸੰਸਾਰ ਲਈ ।

ਕੀਤੀਆਂ ਜਿੰਨਾਂ ਨੇ ਮਿਹਨਤਾਂ,
ਪਾਈਆਂ ਉਹਨਾਂ ਹੀ ਮੰਜ਼ਿਲਾਂ ।
"ਸੁਰਿੰਦਰ" ਮਿਹਨਤਕਸ਼ ਲੋਕਾਂ,
ਕਿੰਞ ਬਾਜ਼ੀ ਮਾਰ ਲਈ ।

Thursday, August 12, 2010

ਸੁਨੇਹੇ


ਅਸੀ ਬੜੇ ਸੁਨੇਹੇ ਘੱਲ ਵੇਖੇ,
ਕੋਈ ਜਵਾਬ ਸੱਜਣ ਦਾ ਆਇਆ ਨਹੀਂ ।
ਦਿਲ ਤੋੜ ਕੇ ਸਾਡਾ ਤੁਰ ਗਿਆ ਏ,
ਰਤਾ ਵੀ ਉਹ ਘਬਰਾਇਆ ਨਹੀਂ ।
ਚੁਪ ਕਰ ਕੇ ਦੁੱਖੜੇ ਜ਼ਰ ਲਏ ਨੇ,
ਪਰ ਕਿਸੇ ਨੂੰ ਆਖ ਸੁਨਾਇਆ ਨਹੀਂ ।
ਉਹਦੇ ਹਿਜ਼ਰ ਚ' ਅਸੀਂ ਹਾਂ ਮੁੱਕ ਚੱਲੇ,
ਉਹਨੂੰ ਚੇਤਾ ਸਾਡਾ ਆਇਆ ਨਹੀਂ ।
ਅਸੀਂ ਕਈ ਜਨਮ ਹੀ ਉਹਦੇ ਨਾਂ ਕਰਤੇ,
ਉਹਨੇ ਇੱਕ ਪਲ ਲਈ ਵੀ ਚਾਹਿਆ ਨਹੀਂ ।
ਮੈਂ ਦੱਸਾ ਕਿਹੜੇ ਗਿਣ ਕੇ ਵੇ,
ਤੂੰ ਕੀ-ਕੀ ਕਹਿਰ ਕਮਾਇਆ ਨਹੀਂ ।
ਛੱਡ 'ਛਿੰਦਿਆਂ' ਜੱਗ ਨੂੰ ਕੀ ਦਸਦੈਂ,
ਜਦ ਆਪਣਿਆਂ ਦਰਦ ਵੰਡਾਇਆ ਨਹੀਂ ।

Wednesday, August 11, 2010

ਗ਼ਜ਼ਲ


ਖਾਬਾਂ ਵਿੱਚ ਹੁਣ ਨਹੀਂ ਉਲਝਨਾ ਚਾਹੁੰਦਾ ਹਾਂ ।
ਹਕੀਕਤ ਨੂੰ ਹੁਣ ਮੈਂ ਸਮਝਨਾ ਚਾਹੁੰਦਾ ਹਾਂ ।

ਵਿਛੜ ਗਏ ਜੋ ਮੈਥੋਂ ਯਾਰ ਮੇਰੇ ਆਉਣ ਦਾ ਵਾਦਾ ਕਰਕੇ ,
ਗੀਤ ਕੋਈ ਉਹਨਾਂ ਲਈ ਸਿਰਜਨਾ ਚਾਹੁੰਦਾ ਹਾਂ।

ਚੰਨ ਨੂੰ ਮਿਲਨ ਦੀ ਰੀਝ ਤਾਂ ਇੱਕ ਖਾਬ ਬਣ ਕੇ ਰਹਿ ਗਈ ,
ਬੱਚਿਆ ਵਾਂਗ ਹੁਣ ਤਾਂ ਪਰਚਨਾ ਚਾਹੁੰਦਾ ਹਾਂ ।

ਗਰੀਬ ਦੇ ਹੱਕ ਤੇ ਅੱਜ ਵੀ ਡਾਕਾ ਪੈ ਰਿਹੈ ,
ਮਜ਼ਲੂਮਾਂ ਦੀ ਆਵਾਜ਼ ਬਣ ਕੇ ਗਰਜਨਾ ਚਾਹੁੰਦਾ ਹਾਂ ।

ਸੜ ਰਹੇ ਨੇ ਲੋਕ ਕਈ ਦੁੱਖਾਂ ਦੇ ਮਾਰੂਥਲ 'ਚ,
ਸਾਵਨ ਬਣ ਕੇ ਉਹਨਾਂ ਲਈ ਵਰਸਨਾ ਚਾਹੁੰਦਾ ਹਾਂ ।

ਜਿਸਦੇ ਪਾਣੀ ਉਜਾੜੇ ਆਸ਼ਿਆਨੇ ਲੋਕਾਂ ਦੇ,
ਉਸ ਦਰਿਆ ਦੇ ਰੁੱਖ ਨੂੰ ਪਲਟਣਾ ਚਾਹੁੰਦਾ ਹਾਂ ।

ਵੱਸਿਆ ਹੈ ਜੋ ਦਿਲ ਵਿੱਚ ਮੇਰੇ ਦਿਲਦਾਰ ਬਣ ਕੇ ,
ਸੀਨੇ ਉਸਦੇ ਦਿਲ ਬਣ ਕੇ ਮੈਂ ਵੀ ਧੜਕਨਾਂ ਚਾਹੁੰਦਾ ਹਾਂ ।

ਹੁਣ ਤੱਕ ਬੜੀ ਸਾਂਭ ਕੇ ਰੱਖੀ ਹੈ "ਸੁਰਿੰਦਰ",
ਦਿਲ ਦੀ ਦੋਲਤ ਹੁਣ ਖਰਚਨਾ ਚਾਹੁੰਦਾ ਹਾਂ ।

Thursday, August 5, 2010

ਚੇਹਰੇ ਬਦਲ ਗਏ

ਹੁਣ ਤਾਂ ਪਛਾਣੇ ਜਾਂਦੇ ਨਹੀਂ , ਯਾਰਾਂ ਦੇ ਚੇਹਰੇ ਬਦਲ ਗਏ ।
ਹਿਕ ਤਾਣ ਨਾਲ ਜੋ ਖੜਦੇ ਸੀ, ਹੁਣ ਯਾਰ ਉਹ ਮੇਰੇ ਬਦਲ ਗਏ ।

ਰੱਬ ਵਾਂਗ ਜੋ ਸਾਨੂ ਧਿਆਉਦੇ ਸੀ,ਰਹੇ ਸੱਜਣ ਵੀ ਪਹਿਲਾਂ ਵਰਗੇ ਨਹੀਂ ,
ਸੁਣਿਆ ਏ ਮੈਂ ਸੱਜਣਾ ਦੇ ਹੁਣ ਸ਼ਾਮ-ਸਵੇਰੇ ਬਦਲ ਗਏ |

ਜਿਸ ਦੀਆਂ ਗਲੀਆਂ ਵਿੱਚ ਖੇਡੇ ,ਸਦਾ ਵੱਸਦਾ ਰਹੇ ਉਹ ਪਿੰਡ ਮੇਰਾ ,
ਹੁਣ ਕੱਚਾ ਘਰ ਉਹ ਲੱਭਦਾ ਨਾ ਸਭ ਚਾਰ-ਚੁਫੇਰੇ ਬਦਲ ਗਏ |

ਜਿੱਥੇ ਯਾਰਾਂ ਦੀ ਮਹਿਫਿਲ ਜੁੜਦੀ ਸੀ,ਉਹ ਮੋੜ ਕਦੇ ਵੀ ਭੁੱਲਣਾ ਨਹੀਂ,
ਹੁਣ ਰਹੇ ਨਾ ਉਹ ਜ਼ਮਾਨੇ ਬਈ ਉਹ ਥਾਂ ਉਹ ਡੇਰੇ ਬਦਲ ਗਏ |

ਨਫਰਤ ਨੇ ਦਿਲ ਵੀ ਵੰਡ ਦਿੱਤੇ,ਹੁਣ ਲਹੂ ਵੀ ਪਾਣੀ ਹੋ ਗਿਆ ਏ,
ਘਰ ਵੰਡ ਲਏ ਸਕੇ ਭਰਾਵਾਂ ਨੇ ਉਹ ਖੁੱਲੇ ਵਿਹੜੇ ਬਦਲ ਗਏ |

ਹੁਣ ਤਾਂ ਜਨਤਾ ਦੇ ਰਾਖੇ ਹੀ ਜਨਤਾ ਨੂੰ ਲੁੱਟੀ ਜਾਂਦੇ ਨੇ,
ਇਹ ਨੇਤਾ ਗਿਰਗਿਟ ਵਰਗੇ ਨੇ ਰੰਗ ਆਏ ਗੇੜੇ ਬਦਲ ਗਏ |

ਮੈਂ ਕਾਹਦੀ ਐਵੇਂ ਉਡੀਕ ਕਰਾਂ, ਉਹਨਾਂ ਤਾਂ ਕਦੇ ਵੀ ਆਉਣਾ ਨਹੀਂ ,
ਹੁਣ ਕਾਂ ਵੀ ਭੈੜੇ ਬੋਲਦੇ ਨਾ ,ਆਪਣੇ ਵੀ ਬਨੇਰੇ ਗਦਲ ਗਏ |

ਅਸੀਂ ਕੋਸ਼ਿਸ਼ ਕਰਾਂ ਗੇ ਬਦਲਣ ਦੀ,ਜੇ ਬਦਲ ਸਕੇ ਤਾਂ ਬਦਲਾਂਗੇ ,
ਤੂੰ " ਛਿੰਦਿਆ " ਅਜੇ ਵੀ ਭੋਲਾ ਏਂ ਪਰ ਲੋਕ ਬਥੇਰੇ ਬਦਲ ਗਏ |
ਤੂੰ ਕਿਹੜੇ ਹਾਲ ਵਿੱਚ ਰਹਿਣਾ ਏ,ਸਾਨੂੰ ਅਜ ਤੱਕ ਕਿਸੇ ਨੇ ਪੁਛਿਆ ਨਾ ।
ਸੰਗਾਊ ਸੁਭਾਅ ਦੇ ਅਸੀਂ ਵੀ ਦਿਲ ਦੀਆਂ ਦਿਲ ਵਿੱਚ ਰੱਖ ਬੈਠੈ ।

ਸਾਂ ਕੱਲੇ ਜਿਵੇ ਕੋਈ ਰੁੱਖ ਕੱਲਾ ,ਅੰਗ-ਸੰਗ ਨਾ ਕੋਈ ਸੀ,
ਕਈ ਸਰਦ ਹਵਾਵਾਂ ਤੇ ਧੁੱਪਾਂ ਨੂੰ ਸਹਿ-ਸਹਿ ਕੇ ਸੀ ਅੱਕ ਬੈਠੇ।

ਕਈ ਜਨਮਾਂ ਤੋਂ ਸੱਜਣਾ ਵੇ ਜੀਹਦੀ ਦੀਦ ਲਈ ਅੱਖੀਆਂ ਤਰਸ ਗਈਆਂ,
ਤੇਰੇ ਸੋਹਣੇ ਮੁੱਖੜੇ ਚੋ ਉਹ ਅਜਬ ਨਜ਼ਾਰਾ ਤੱਕ ਬੈਠੇ,

ਉਸ ਦਿਨ ਤੋਂ 'ਛਿੰਦੇ' ਨੂੰ ਉਹਦੇ ਮੁੱਖ ਤੋਂ ਸਿਵਾ ਕੁਝ ਵਿਖਦਾ ਨਹੀਂ,
ਜਿਸ ਦਿਨ ਦਾ ਸਾਡੇ ਸਾਹਮਣੇ ਉਹ ਮੁੱਖੜੇ ਤੋਂ ਘੁੰਡ ਚੱਕ ਬੈਠੇ |

Wednesday, August 4, 2010

ਦਿਲ ਨੂੰ ਇੱਕ ਬਿਮਾਰੀ ਲੱਗੀ,
ਬਿਮਾਰੀ ਬੜੀ ਪਿਆਰੀ ਲੱਗੀ ।

ਇੱਕ ਚੇਹਰਾ ਮੈਨੂੰ ਸੋਹਣਾ ਲੱਗਦਾ,
ਅਰਸ਼ੋ ਪਰੀ ਉਤਾਰੀ ਲੱਗੀ ।

ਚੰਨ ਦੀ ਚਾਨਣੀ ਵਰਗੀ ਸੀ ਉਹ,
ਫੁੱਲਾਂ ਦੀ ਕਿਆਰੀ ਲੱਗੀ ।

ਵੇਖਾਂ ਨਾ ਜਿਸ ਦਿਨ ਮੈਂ ਉਸਨੂੰ ,
ਬੇਜਾਨ ਇਹ ਦੁਨੀਆਂ ਸਾਰੀ ਲੱਗੀ ।

ਪਰ ਮੈਂ ਜਦ ਜਾਣਿਆ ਉਸਨੂੰ ,
ਉਹ ਦੁੱਖਾਂ ਦੀ ਮਾਰੀ ਲੱਗੀ ।

ਪਾਣੀ ਬਿਨ ਜਿਉਂ ਮੱਛਲੀ ਹੋਵੇ ,
ਏਦਾਂ ਉਹ ਵਿਚਾਰੀ ਲੱਗੀ ।

ਰੂਹ ਬਿਨਾਂ ਉਹ ਬੁੱਤ ਲੱਗਦੀ ਸੀ ,
ਐਨੀ ਉਹ ਦੁੱਖਿਆਰੀ ਲੱਗੀ ।

ਕਾਸ਼ ਮੈਂ ਉਹਦੇ ਦੁਖ ਵੰਡ ਸਕਦਾ,
ਦੇ ਸਕਦਾ ਸੁੱਖ ਉਸਨੂੰ,
" ਸੁਰਿੰਦਰ " ਨੂੰ ਅੱਜ ਵੀ,
ਮਜ਼ਬੂਰ ਬੜੀ ਹੈ ਨਾਰੀ ਲੱਗੀ ।

Tuesday, July 13, 2010

ਗ਼ਜ਼ਲ

ਇਸ ਪਤਝੜਾਂ ਦੀ ਰੁੱਤ ਤੋਂ ਮਾਯੂਸ ਨਾ ਹੋ ਦੋਸਤਾ,
ਬਹਾਰਾਂ ਦੇ ਆਉਣ ਦੀ ਕੁਝ ਤਾਂ ਉਮੀਦ ਰੱਖ ।

ਜਾਨ ਵੀ ਦੇ ਦੇਵੇ ਜੋ ਤੇਰੀ ਇੱਕ ਆਵਾਜ਼ ਤੇ,
ਕੋਈ ਤੇ ਐਸਾ ਸੱਜਣ ਪਿਆਰਾ ਕਰੀਬ ਰੱਖ ।

ਪੱਛਮ ਦੀ ਹਨੇਰੀ ਵਿੱਚ ਕਿਉਂ ਤਿਨਕਾ-ਤਿਨਕਾ ਹੋ ਰਿਹੈਂ,
ਵਾਰਿਸ ਹੈਂ ਤੂੰ ਪੰਜਾਬ ਦਾ ਕੁਝ ਤਾਂ ਤਹਿਜ਼ੀਬ ਰੱਖ ।

ਕਿ ਜਿਸਦਾ ਜਵਾਬ ਨਾ ਦੇ ਸਕਾ ਕਦੇ ਮੈਂ ,
ਸਵਾਲ ਮੇਰੇ ਸਾਹਮਣੇ ਐਸੇ ਨਾ ਅਜੀਬ ਰੱਖ ।

ਨਾ ਮਾਰੋ ਧੀਆਂ ਨੂੰ ਕੁੱਖਾਂ ਵਿੱਚ ਜੰਮਣ ਤੋਂ ਪਹਿਲਾਂ,
ਓ ਬੰਦਿਆ ਤੂੰ ਕੁਦਰਤ ਦੀ ਕੁਝ ਤੇ ਤਰਤੀਬ ਰੱਖ ।

" ਦੋਲਤ, ਸ਼ੋਹਰਤ ਜਿੰਨੀ ਮਰਜ਼ੀ ਕਮਾ ਭਾਵੇਂ,
" ਛਿੰਦਿਆ" ਪਰ ਦਿਲ ਨੂੰ ਅੰਦਰੋਂ ਗਰੀਬ ਰੱਖ । " ..........ਸੁਰਿੰਦਰ ਕੰਬੋਜ਼

Saturday, May 8, 2010

ਅਹਿਸਾਸ

ਪਤਾ ਨਹੀਂ ਕਿਉਂ ਅਜਕਲ ਦਿਲ ਉਦਾਸ ਰਹਿੰਦੈ,
ਸੱਜਣਾ ਤੋਂ ਜੁਦਾ ਹੋਣ ਦਾ ਅਹਿਸਾਸ ਰਹਿੰਦੈ ।
ਵੱਸਿਆ ਹੈ ਉਹ ਵੀ ਕੁਝ ਇਸ ਤਰਾਂ ਮੇਰੇ ਵਿੱਚ ,
ਆਤਮਾ ਵਿੱਚ ਜਿਵੇਂ ਪਰਮਾਤਮਾ ਦਾ ਵਾਸ ਰਹਿੰਦੈ ।
ਉਹਦਾ ਤੇ ਮੇਰਾ ਰਿਸ਼ਤਾ ਵੀ ਕੁਝ ਐਸਾ ਹੈ,
ਨੁੰਹਾਂ ਦੇ ਨਾਲ ਜਿਵੇਂ ਮਾਸ ਰਹਿੰਦੈ ।
ਬੜੀ ਦੂਰ ਚਲਾ ਗਿਆ ਹੈ ਬੇਸ਼ੱਕ ਉਹ ਸ਼ਕਸ ਮੈਥੋਂ,
ਫਿਰ ਵੀ ਇੰਞ ਲੱਗਦੈ ਜਿਵੇਂ ਆਸ ਪਾਸ ਰਹਿੰਦੈ ।
ਕੱਢ ਲਿਓ ਇਸ ਦਿਲ ਨੂੰ ਮੇਰੀ ਚਿਤਾ ਜਲਾਉਣ ਤੋਂ ਪਹਿਲਾਂ,
ਲੋਕੋ ਇਹਦੇ ਵਿੱਚ 'ਸੁਰਿੰਦਰ' ਦਾ ਕੋਈ ਸੱਜਣ ਖਾਸ ਰਹਿੰਦੈ ।

ਦੂਰ ਕਿਨਾਰੇ

ਬੇੜੀ ਵਿੱਚ ਦਰਿਆਵਾਂ ਦੇ ਕਿਨਾਰੇ ਨਹੀਂ ਮਿਲਦੇ ,
ਜਾਨ ਮੁਸ਼ਕਿਲ ਦੇ ਵਿੱਚ ਹੈ ਸਹਾਰੇ ਨਹੀਂ ਮਿਲਦੇ ।
ਐਵੇਂ ਗਲਤੀ ਕਰ ਬੈਠਾ ਮੈਂ ਇੱਕ ਚੰਨ ਨੂੰ ਛੂਹਣ ਦੀ,
ਧਰਤੀ ਦੇ ਬੰਦਿਆਂ ਨੂੰ ਤਾਰੇ ਨਹੀਂ ਮਿਲਦੇ ।
ਬੜੇ ਸ਼ੋਕ ਨਾਲ ਸੁਣਦੇ ਸੀ ਜੋ ਸਾਡੀਆਂ ਮਿੱਠੀਆਂ ਬਾਤਾਂ ਨੂੰ,
ਹੁਣ ਬਾਤਾਂ ਪਾਉਦੇ ਹਾਂ ਹੁੰਗਾਰੇ ਨਹੀਂ ਮਿਲਦੇ ।
ਦਿਨ ਜਿਹੜੇ ਬੀਤ ਗਏ ਉਹ ਫੇਰ ਨਾ ਮੁੜ ਕੇ ਆਉਂਦੇ,
ਦਿਨ ਯਾਰਾ ਬੇਲੀਆਂ ਨਾਲ ਗੁਜ਼ਾਰੇ ਨਹੀਂ ਮਿਲਦੇ ।
ਸੱਜਣ ਸਾਹਾਂ ਵਰਗੇ ਸੀ ਜੋ ਹੁਣ ਵਿਛੜ ਗਏ ਮੈਥੋਂ,
ਜਿਹੜੇ ਛੱਡ ਕੇ ਤੁਰ ਜਾਂਦੇ ਦੁਬਾਰੇ ਨਹੀਂ ਮਿਲਦੇ ।
ਮਰਜਾਣੇ ' ਛਿੰਦਿਆ ' ਵੇ ਜਿਹੜੀ ਲਿਖੀ ਸੀ ਜੀ ਲਈ ਏ ,
ਸਾਹ ਕਿਸੇ ਤੋਂ ਸੱਜਣਾ ਉਧਾਰੇ ਨਹੀਂ ਮਿਲਦੇ ।

Friday, May 7, 2010

ਨੇ ਫੁੱਲ ਵੀ ਬੜੇ ਸੋਹਣੇ,ਕਲੀਆਂ ਤੇ ਵੀ ਜੋਬਨ ਹੈ ,
ਪਰ ਗੱਲ ਹੀ ਹੈ ਵੱਖਰੀ ਤੇਰੇ ਸ਼ਬਾਬ ਵਿੱਚ ਸੱਜਣਾ |
ਤੇਰੇ ਨੈਣਾਂ ਦੀ ਮਸਤੀ ਜਿਹਾ ,
ਨਾ ਨਸ਼ਾ ਸ਼ਰਾਬ ਵਿੱਚ ਸੱਜਣਾ।
ਤੇਰੇ ਸਾਹਾਂ ਦੀ ਮਹਿਕ ਵਰਗੀ,
ਨਾ ਖੁਸ਼ਬੂ ਗੁਲਾਬ ਵਿੱਚ ਸੱਜਣਾ।
ਤੇਰੇ ਚੇਹਰੇ ਦੀ ਜੋ ਲਾਲੀ ਹੈ,
ਨਹੀਂ ਇਹ ਆਫਤਾਬ ਵਿੱਚ ਸੱਜਣਾ।
ਮੁੱਖੜੇ ਤੇ ਸ਼ਰਮ ਇੰਞ ਝਲਕੇ,
ਪਾਣੀ ਜੋ ਚਨਾਬ ਵਿੱਚ ਸੱਜਣਾ।
'ਛਿੰਦੇ' ਵੇਖਿਆ ਤੇ ਬਸ ਵੇਖਦਾ ਹੀ ਰਿਹ ਗਿਆ,
ਤੇਰਾ ਚੇਹਰਾ ਹਰ ਰੋਜ਼ ਆਪਣੇ ਖਾਬ ਵਿੱਚ ਸੱਜਣਾ ।