Wednesday, August 25, 2010

ਗਜ਼ਲ

ਤੋੜੀ ਨਾ ਮੇਰੀ ਆਸਥਾ ।
ਪਾਉਂਦਾ ਰਿਹਾ ਉਸਨੂੰ ਮੈਂ ਵਾਸਤਾ ।

ਪਰ ਉਸਨੇ ਇੱਕ ਨਾ ਸੁਣੀ ਤੇ,
ਦੇ ਗਈ ਜ਼ਿੰਦਗੀ ਨੂੰ ਇੱਕ ਹਾਦਸਾ।

ਹੰਝੂ ਆ ਗਏ ਨੇ ਹਿੱਸੇ ਮੇਰੇ,
ਹਾਸਿਆਂ ਨਾਲ ਰਿਹਾ ਨਾ ਰਾਬਤਾ ।

ਮੰਜ਼ਿਲ ਦੀ ਵੀ ਕੋਈ ਖਬਰ ਨਹੀਂ,
ਰਸਤਾ ਵੀ ਹੋ ਗਿਆ ਲਾ ਪਤਾ ।

ਕੋਈ ਗਮਖਾਰ ਵੀ ਨਹੀਂ ਮੇਰਾ,
ਕਿਸਨੂੰ ਸੁਣਾਵਾਂ ਗਾ ਇਹ ਦਾਸਤਾਂ ।

ਕਿਸਮਤ ਦੀ ਗੱਲ ਸੀ ਇਹ ਤਾਂ ਬੱਸ ,
ਕਰਾਂ ਗਿਲਾ ਉਸ ਨਾਲ ਵੀ ਕਾਸਦਾ ।

ਚੁੱਪ ਹਾਂ ਉਸ ਦਿਨ ਤੋਂ ਕਿਸੇ ਬੁੱਤ ਵਾਂਗ,
ਪੱਥਰ ਹੋ ਗਿਆ ਹਾਂ ਜਾਪਦਾ ।

" ਸੁਰਿੰਦਰ " ਇਹ ਤਾਂ ਨਸੀਬ ਸੀ,
ਜਾਂ ਫਲ ਸੀ ਕਿਸੇ ਸਰਾਪ ਦਾ ।

Monday, August 23, 2010

ਸਾਰੀ ਦੁਨੀਆਂ ਤੋਂ ਮੈਂ ਜੁਦਾ ਹੋ ਗਿਆ ,
ਵੇਖ ਤੇਰੀ ਮੁਹੱਬਤ ਵਿੱਚ ਫਨਾ ਹੋ ਗਿਆ ।
ਪਤਾ ਹੀ ਨਾ ਲੱਗਿਆ ਦਿਲ ਨੂੰ,
ਕਦੋ ਪਿਆਰ ਤੇਰੇ ਨਾਲ ਬੇਪਨਾਹ ਹੋ ਗਿਆ।
ਪਰੀਤ ਨਾਲ ਗਿਲਾ ਕੋਈ ਕੀਤਾ ਹੀ ਨਹੀਂ ਅਸੀਂ,
ਉਸ ਨੂੰ ਹੀ ਕੋਈ ਗੁਮਾਂ ਹੋ ਗਿਆ ।
ਸੁਰਿੰਦਰ ਇਸ ਫਾਨੀ ਜਿਹੀ ਦੁਨੀਆਂ ਤੋਂ,
ਹੁਣ ਜਾਣ ਦਾ ਸਾਡਾ ਸਮਾਂ ਹੋ ਗਿਆ ।

Wednesday, August 18, 2010

ਪੱਥਰ ਹੈ ਅੱਜ ਵੀ ਅਹਿੱਲਿਆ ਕੋਈ,
ਕਿਸੇ ਗੌਤਮ ਦੀ ਸਰਾਪੀ,
ਸ਼ਾਇਦ ਹੀ ਆਏ ਹੁਣ ਰਾਮ ਕੋਈ ,
ਉਸ ਦੇ ਉਧਾਰ ਲਈ ।

ਖੁਸ਼ ਹੈ ਫਕੀਰ ਵੇਖੋ,
ਉਸ ਰੱਬ ਦੀ ਮੌਜ ਵਿੱਚ ।
ਮਰ ਰਿਹਾ ਹੈ ਸ਼ਾਹੂਕਾਰ ਕਿੰਞ,
ਪੈਸੇ ਦੇ ਪਿਆਰ ਲਈ ।

ਚੱਲ ਪਏ ਹਾਂ ਦੋਸਤੋ,
ਮੰਜ਼ਿਲ ਵੱਲ ਰੁੱਖ ਕਰ ਕੇ ।
ਮਨ ਵਿੱਚ ਨਹੀਂ ਸਵਾਲ ਕੋਈ,
ਜਿੱਤ ਜਾਂ ਹਾਰ ਲਈ ।

ਉਸ ਦਿਨ ਤੋਂ ਰੱਬ ਦੇ,
ਹੋਰ ਵੀ ਨੇੜੇ ਹੋ ਗਿਆਂ ।
ਚੱਲਿਆ ਹਾਂ ਜਿਸ ਦਿਨ ਤੋਂ ,
ਮਨ ਦੇ ਸ਼ਿਕਾਰ ਲਈ ।

ਮੇਟ ਕੇ ਦਿਲੋਂ ਨਫਰਤਾਂ,
ਚਲੋ ਸਿੱਖੀਏ ਮੁਹੱਬਤਾਂ ।
ਕੁਝ ਤੇ ਚੰਗਾ ਛੱਡ ਜਾਈਏ ,
ਯਾਰੋ ਇਸ ਸੰਸਾਰ ਲਈ ।

ਕੀਤੀਆਂ ਜਿੰਨਾਂ ਨੇ ਮਿਹਨਤਾਂ,
ਪਾਈਆਂ ਉਹਨਾਂ ਹੀ ਮੰਜ਼ਿਲਾਂ ।
"ਸੁਰਿੰਦਰ" ਮਿਹਨਤਕਸ਼ ਲੋਕਾਂ,
ਕਿੰਞ ਬਾਜ਼ੀ ਮਾਰ ਲਈ ।

Thursday, August 12, 2010

ਸੁਨੇਹੇ


ਅਸੀ ਬੜੇ ਸੁਨੇਹੇ ਘੱਲ ਵੇਖੇ,
ਕੋਈ ਜਵਾਬ ਸੱਜਣ ਦਾ ਆਇਆ ਨਹੀਂ ।
ਦਿਲ ਤੋੜ ਕੇ ਸਾਡਾ ਤੁਰ ਗਿਆ ਏ,
ਰਤਾ ਵੀ ਉਹ ਘਬਰਾਇਆ ਨਹੀਂ ।
ਚੁਪ ਕਰ ਕੇ ਦੁੱਖੜੇ ਜ਼ਰ ਲਏ ਨੇ,
ਪਰ ਕਿਸੇ ਨੂੰ ਆਖ ਸੁਨਾਇਆ ਨਹੀਂ ।
ਉਹਦੇ ਹਿਜ਼ਰ ਚ' ਅਸੀਂ ਹਾਂ ਮੁੱਕ ਚੱਲੇ,
ਉਹਨੂੰ ਚੇਤਾ ਸਾਡਾ ਆਇਆ ਨਹੀਂ ।
ਅਸੀਂ ਕਈ ਜਨਮ ਹੀ ਉਹਦੇ ਨਾਂ ਕਰਤੇ,
ਉਹਨੇ ਇੱਕ ਪਲ ਲਈ ਵੀ ਚਾਹਿਆ ਨਹੀਂ ।
ਮੈਂ ਦੱਸਾ ਕਿਹੜੇ ਗਿਣ ਕੇ ਵੇ,
ਤੂੰ ਕੀ-ਕੀ ਕਹਿਰ ਕਮਾਇਆ ਨਹੀਂ ।
ਛੱਡ 'ਛਿੰਦਿਆਂ' ਜੱਗ ਨੂੰ ਕੀ ਦਸਦੈਂ,
ਜਦ ਆਪਣਿਆਂ ਦਰਦ ਵੰਡਾਇਆ ਨਹੀਂ ।

Wednesday, August 11, 2010

ਗ਼ਜ਼ਲ


ਖਾਬਾਂ ਵਿੱਚ ਹੁਣ ਨਹੀਂ ਉਲਝਨਾ ਚਾਹੁੰਦਾ ਹਾਂ ।
ਹਕੀਕਤ ਨੂੰ ਹੁਣ ਮੈਂ ਸਮਝਨਾ ਚਾਹੁੰਦਾ ਹਾਂ ।

ਵਿਛੜ ਗਏ ਜੋ ਮੈਥੋਂ ਯਾਰ ਮੇਰੇ ਆਉਣ ਦਾ ਵਾਦਾ ਕਰਕੇ ,
ਗੀਤ ਕੋਈ ਉਹਨਾਂ ਲਈ ਸਿਰਜਨਾ ਚਾਹੁੰਦਾ ਹਾਂ।

ਚੰਨ ਨੂੰ ਮਿਲਨ ਦੀ ਰੀਝ ਤਾਂ ਇੱਕ ਖਾਬ ਬਣ ਕੇ ਰਹਿ ਗਈ ,
ਬੱਚਿਆ ਵਾਂਗ ਹੁਣ ਤਾਂ ਪਰਚਨਾ ਚਾਹੁੰਦਾ ਹਾਂ ।

ਗਰੀਬ ਦੇ ਹੱਕ ਤੇ ਅੱਜ ਵੀ ਡਾਕਾ ਪੈ ਰਿਹੈ ,
ਮਜ਼ਲੂਮਾਂ ਦੀ ਆਵਾਜ਼ ਬਣ ਕੇ ਗਰਜਨਾ ਚਾਹੁੰਦਾ ਹਾਂ ।

ਸੜ ਰਹੇ ਨੇ ਲੋਕ ਕਈ ਦੁੱਖਾਂ ਦੇ ਮਾਰੂਥਲ 'ਚ,
ਸਾਵਨ ਬਣ ਕੇ ਉਹਨਾਂ ਲਈ ਵਰਸਨਾ ਚਾਹੁੰਦਾ ਹਾਂ ।

ਜਿਸਦੇ ਪਾਣੀ ਉਜਾੜੇ ਆਸ਼ਿਆਨੇ ਲੋਕਾਂ ਦੇ,
ਉਸ ਦਰਿਆ ਦੇ ਰੁੱਖ ਨੂੰ ਪਲਟਣਾ ਚਾਹੁੰਦਾ ਹਾਂ ।

ਵੱਸਿਆ ਹੈ ਜੋ ਦਿਲ ਵਿੱਚ ਮੇਰੇ ਦਿਲਦਾਰ ਬਣ ਕੇ ,
ਸੀਨੇ ਉਸਦੇ ਦਿਲ ਬਣ ਕੇ ਮੈਂ ਵੀ ਧੜਕਨਾਂ ਚਾਹੁੰਦਾ ਹਾਂ ।

ਹੁਣ ਤੱਕ ਬੜੀ ਸਾਂਭ ਕੇ ਰੱਖੀ ਹੈ "ਸੁਰਿੰਦਰ",
ਦਿਲ ਦੀ ਦੋਲਤ ਹੁਣ ਖਰਚਨਾ ਚਾਹੁੰਦਾ ਹਾਂ ।

Thursday, August 5, 2010

ਚੇਹਰੇ ਬਦਲ ਗਏ

ਹੁਣ ਤਾਂ ਪਛਾਣੇ ਜਾਂਦੇ ਨਹੀਂ , ਯਾਰਾਂ ਦੇ ਚੇਹਰੇ ਬਦਲ ਗਏ ।
ਹਿਕ ਤਾਣ ਨਾਲ ਜੋ ਖੜਦੇ ਸੀ, ਹੁਣ ਯਾਰ ਉਹ ਮੇਰੇ ਬਦਲ ਗਏ ।

ਰੱਬ ਵਾਂਗ ਜੋ ਸਾਨੂ ਧਿਆਉਦੇ ਸੀ,ਰਹੇ ਸੱਜਣ ਵੀ ਪਹਿਲਾਂ ਵਰਗੇ ਨਹੀਂ ,
ਸੁਣਿਆ ਏ ਮੈਂ ਸੱਜਣਾ ਦੇ ਹੁਣ ਸ਼ਾਮ-ਸਵੇਰੇ ਬਦਲ ਗਏ |

ਜਿਸ ਦੀਆਂ ਗਲੀਆਂ ਵਿੱਚ ਖੇਡੇ ,ਸਦਾ ਵੱਸਦਾ ਰਹੇ ਉਹ ਪਿੰਡ ਮੇਰਾ ,
ਹੁਣ ਕੱਚਾ ਘਰ ਉਹ ਲੱਭਦਾ ਨਾ ਸਭ ਚਾਰ-ਚੁਫੇਰੇ ਬਦਲ ਗਏ |

ਜਿੱਥੇ ਯਾਰਾਂ ਦੀ ਮਹਿਫਿਲ ਜੁੜਦੀ ਸੀ,ਉਹ ਮੋੜ ਕਦੇ ਵੀ ਭੁੱਲਣਾ ਨਹੀਂ,
ਹੁਣ ਰਹੇ ਨਾ ਉਹ ਜ਼ਮਾਨੇ ਬਈ ਉਹ ਥਾਂ ਉਹ ਡੇਰੇ ਬਦਲ ਗਏ |

ਨਫਰਤ ਨੇ ਦਿਲ ਵੀ ਵੰਡ ਦਿੱਤੇ,ਹੁਣ ਲਹੂ ਵੀ ਪਾਣੀ ਹੋ ਗਿਆ ਏ,
ਘਰ ਵੰਡ ਲਏ ਸਕੇ ਭਰਾਵਾਂ ਨੇ ਉਹ ਖੁੱਲੇ ਵਿਹੜੇ ਬਦਲ ਗਏ |

ਹੁਣ ਤਾਂ ਜਨਤਾ ਦੇ ਰਾਖੇ ਹੀ ਜਨਤਾ ਨੂੰ ਲੁੱਟੀ ਜਾਂਦੇ ਨੇ,
ਇਹ ਨੇਤਾ ਗਿਰਗਿਟ ਵਰਗੇ ਨੇ ਰੰਗ ਆਏ ਗੇੜੇ ਬਦਲ ਗਏ |

ਮੈਂ ਕਾਹਦੀ ਐਵੇਂ ਉਡੀਕ ਕਰਾਂ, ਉਹਨਾਂ ਤਾਂ ਕਦੇ ਵੀ ਆਉਣਾ ਨਹੀਂ ,
ਹੁਣ ਕਾਂ ਵੀ ਭੈੜੇ ਬੋਲਦੇ ਨਾ ,ਆਪਣੇ ਵੀ ਬਨੇਰੇ ਗਦਲ ਗਏ |

ਅਸੀਂ ਕੋਸ਼ਿਸ਼ ਕਰਾਂ ਗੇ ਬਦਲਣ ਦੀ,ਜੇ ਬਦਲ ਸਕੇ ਤਾਂ ਬਦਲਾਂਗੇ ,
ਤੂੰ " ਛਿੰਦਿਆ " ਅਜੇ ਵੀ ਭੋਲਾ ਏਂ ਪਰ ਲੋਕ ਬਥੇਰੇ ਬਦਲ ਗਏ |
ਤੂੰ ਕਿਹੜੇ ਹਾਲ ਵਿੱਚ ਰਹਿਣਾ ਏ,ਸਾਨੂੰ ਅਜ ਤੱਕ ਕਿਸੇ ਨੇ ਪੁਛਿਆ ਨਾ ।
ਸੰਗਾਊ ਸੁਭਾਅ ਦੇ ਅਸੀਂ ਵੀ ਦਿਲ ਦੀਆਂ ਦਿਲ ਵਿੱਚ ਰੱਖ ਬੈਠੈ ।

ਸਾਂ ਕੱਲੇ ਜਿਵੇ ਕੋਈ ਰੁੱਖ ਕੱਲਾ ,ਅੰਗ-ਸੰਗ ਨਾ ਕੋਈ ਸੀ,
ਕਈ ਸਰਦ ਹਵਾਵਾਂ ਤੇ ਧੁੱਪਾਂ ਨੂੰ ਸਹਿ-ਸਹਿ ਕੇ ਸੀ ਅੱਕ ਬੈਠੇ।

ਕਈ ਜਨਮਾਂ ਤੋਂ ਸੱਜਣਾ ਵੇ ਜੀਹਦੀ ਦੀਦ ਲਈ ਅੱਖੀਆਂ ਤਰਸ ਗਈਆਂ,
ਤੇਰੇ ਸੋਹਣੇ ਮੁੱਖੜੇ ਚੋ ਉਹ ਅਜਬ ਨਜ਼ਾਰਾ ਤੱਕ ਬੈਠੇ,

ਉਸ ਦਿਨ ਤੋਂ 'ਛਿੰਦੇ' ਨੂੰ ਉਹਦੇ ਮੁੱਖ ਤੋਂ ਸਿਵਾ ਕੁਝ ਵਿਖਦਾ ਨਹੀਂ,
ਜਿਸ ਦਿਨ ਦਾ ਸਾਡੇ ਸਾਹਮਣੇ ਉਹ ਮੁੱਖੜੇ ਤੋਂ ਘੁੰਡ ਚੱਕ ਬੈਠੇ |

Wednesday, August 4, 2010

ਦਿਲ ਨੂੰ ਇੱਕ ਬਿਮਾਰੀ ਲੱਗੀ,
ਬਿਮਾਰੀ ਬੜੀ ਪਿਆਰੀ ਲੱਗੀ ।

ਇੱਕ ਚੇਹਰਾ ਮੈਨੂੰ ਸੋਹਣਾ ਲੱਗਦਾ,
ਅਰਸ਼ੋ ਪਰੀ ਉਤਾਰੀ ਲੱਗੀ ।

ਚੰਨ ਦੀ ਚਾਨਣੀ ਵਰਗੀ ਸੀ ਉਹ,
ਫੁੱਲਾਂ ਦੀ ਕਿਆਰੀ ਲੱਗੀ ।

ਵੇਖਾਂ ਨਾ ਜਿਸ ਦਿਨ ਮੈਂ ਉਸਨੂੰ ,
ਬੇਜਾਨ ਇਹ ਦੁਨੀਆਂ ਸਾਰੀ ਲੱਗੀ ।

ਪਰ ਮੈਂ ਜਦ ਜਾਣਿਆ ਉਸਨੂੰ ,
ਉਹ ਦੁੱਖਾਂ ਦੀ ਮਾਰੀ ਲੱਗੀ ।

ਪਾਣੀ ਬਿਨ ਜਿਉਂ ਮੱਛਲੀ ਹੋਵੇ ,
ਏਦਾਂ ਉਹ ਵਿਚਾਰੀ ਲੱਗੀ ।

ਰੂਹ ਬਿਨਾਂ ਉਹ ਬੁੱਤ ਲੱਗਦੀ ਸੀ ,
ਐਨੀ ਉਹ ਦੁੱਖਿਆਰੀ ਲੱਗੀ ।

ਕਾਸ਼ ਮੈਂ ਉਹਦੇ ਦੁਖ ਵੰਡ ਸਕਦਾ,
ਦੇ ਸਕਦਾ ਸੁੱਖ ਉਸਨੂੰ,
" ਸੁਰਿੰਦਰ " ਨੂੰ ਅੱਜ ਵੀ,
ਮਜ਼ਬੂਰ ਬੜੀ ਹੈ ਨਾਰੀ ਲੱਗੀ ।