Thursday, August 11, 2011

ਸਾਵਣ

ਵੇ ਆਜਾ ਮੇਰੇ ਮਾਹੀਆ, ਸਾਵਣ ਆਇਆ ।
ਹਿਜ਼ਰ ਤੇਰੇ ਮੈਨੂੰ ਮਾਰ ਮੁਕਾਇਆ ।

ਇੱਕ ਤਾਂ ਛਮ-ਛਮ ਬਰਸੇ ਸਾਵਣ ,
ਦੂਜਾ ਮੀਂਹ ਅੱਖੀਆਂ ਵਰਸਾਵਣ,
ਬਾਗਾਂ ਦੇ ਵਿੱਚ ਕੋਇਲਾਂ ਗਾਵਣ,
ਸਾਡਾ ਸੀਨਾ ਆਣ ਮਚਾਇਆ..........

ਪਲ-ਪਲ ਜਿੰਦ ਇਹ ਜਾਂਦੀ ਖਰਦੀ,
ਬਣ ਕੇ ਆ ਮੇਰੇ ਦਿਲ ਦਾ ਦਰਦੀ,
ਤੁਧ ਬਿਨ ਮੈਂ ਤੇ ਜਾਂਦੀ ਮਰਦੀ ,
ਕਿਸੇ ਨਾ ਆਣ ਬਚਾਇਆ..........

ਹੋਰ ਤੈਨੂੰ ਕੀ ਆਖਾਂ ਚੰਨ ਵੇ,
ਇੱਕੋ ਮੇਰੇ ਦਿਲ ਦੀ ਮੰਨ ਵੇ,
ਹੁਣ ਤੇ ਕੰਧ ਹਿਜ਼ਰ ਦੀ ਭੰਨ ਵੇ,
ਤੈਨੂੰ ਦਿਲ ਦਾ ਦਰਦ ਸੁਣਾਇਆ.....

ਲੋਕ ਤਾਂ ਭੋਗ ਜੱਗ ਦੇ ਭੋਗਣ,
ਮੈਂ ਤੇ ਤੇਰੀ ਬਣ ਗਈ ਜੋਗਣ,
ਇਸ਼ਕ ਤੇਰੇ ਦੀ ਹੋ ਗਈ ਰੋਗਣ,
ਇਸ਼ਕ ਦਾ ਵਣਜ ਕਮਾਇਆ.......

ਵੇ ਆਜਾ ਮੇਰੇ ਮਾਹੀਆ, ਸਾਵਣ ਆਇਆ ।
ਹਿਜ਼ਰ ਤੇਰੇ ਮੈਨੂੰ ਮਾਰ ਮੁਕਾਇਆ ।

No comments:

Post a Comment