Wednesday, December 22, 2010

ਗ਼ਜ਼ਲ

ਕੀ ਯਾਦ ਤੇਰੀ ਆ ਗਈ ।
ਦਿਲ ਤੇ ਉਦਾਸੀ ਛਾ ਗਈ ।

ਇੱਕ ਵਸਲ ਦੀ ਘੜੀ ਬਦਲੇ,
ਉਮਰਾਂ ਜੁਦਾਈ ਖਾ ਗਈ ।

ਤੂੰ ਕੀ ਬੇਗਾਨਾ ਆਖਿਆ,
ਮੇਰੀ ਰੂਹ ਤਿਲਮਿਲਾ ਗਈ ।

ਧੰਨਵਾਦ ਹੈ ਉਸਦਾ ਬੜਾ,
ਪੀੜਾ ਜੋ ਝੋਲੀ ਪਾ ਗਈ ।

ਖ਼ਤ ਵੀ ਲਿਖਾਂ ਮੈਂ ਕਿਸਨੂੰ,
ਦੱਸ ਕੇ ਨਾ ਪਤਾ ਗਈ।

"ਛਿੰਦਿਆ" ਦਿਲ ਦੇ ਕੋਲ ਹੈ,
ਉਞ ਦੂਰੀਆਂ ਜੋ ਪਾ ਗਈ ।

Wednesday, December 15, 2010

ਗ਼ਜ਼ਲ

ਦਿਲ ਨੂੰ ਹੌਕੇ ਭਰਦਾ ਰਹਿਣ ਦੇ ।
ਵਾਂਗ ਪਤਾਸੇ ਖਰਦਾ ਰਹਿਣ ਦੇ।

ਤੈਨੂੰ ਕੀ ਇਸ ਨਾਲ ਬੇਦਰਦਾਂ,
ਕੋਈ ਮਰਦੈ ਤਾਂ ਮਰਦਾ ਰਹਿਣ ਦੇ ।

ਨਾ ਦੇ ਝੂਠੇ ਦਿਲਾਸੇ ਦਿਲ ਨੂੰ,
ਪੀੜਾਂ ਨੂੰ ਬਸ ਜ਼ਰਦਾ ਰਹਿਣ ਦੇ ।

ਹਰ ਗੱਲ ਨਹੀਂ ਦੱਸੀ ਦੀ ਹੁੰਦੀ,
ਇਸ ਰਾਜ਼ ਤੇ ਪਰਦਾ ਰਹਿਣ ਦੇ ।

ਛੱਡ "ਛਿੰਦਿਆ" ਤੂੰ ਕੀ ਲੈਣਾ,
ਜੱਗ ਨੂੰ ਗੱਲਾਂ ਕਰਦਾ ਰਹਿਣ ਦੇ ।

Thursday, November 25, 2010

ਮੈਂ ਤੇ ਮੇਰੀ ਤਨਹਾਈ ਜਦ ਵੀ ਇਕੱਠਿਆਂ ਬਹਿੰਦੇ ਹਾਂ ।
ਤੇਰੇ ਬਾਰੇ ਅਕਸਰ ਹੀ ਅਸੀਂ ਗੱਲਾਂ ਕਰਦੇ ਰਹਿੰਦੇ ਹਾਂ ।

ਮਰ ਕੇ ਵੀ ਨਹੀਂ ਜਾਣੀ ਦਿਲ ਚੋਂ ਲੱਗਦੈ ਯਾਦ ਤੇਰੀ,
ਉਞ ਤਾਂ ਤੈਨੂੰ ਭੁੱਲਣ ਦੀ ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਹਾਂ ।

ਹੱਸਦੀ ਹੋਈ ਸੂਰਤ ਤੇਰੀ ਅੱਖਾਂ ਅੱਗੇ ਆਨ ਖਲੋ ਜਾਵੇ,
ਭੁੱਲ-ਭੁਲੇਖੇ ਜਦ ਵੀ ਤੇਰੇ ਪਿੰਡ ਦੀ ਰਾਹੇ ਪੈਂਦੇ ਹਾਂ ।

ਜਦ ਵੀ "ਛਿੰਦੇ" ਨੂੰ ਤੇਰੀ ਯਾਦ ਸਤਾਵੇ ਸੱਜਣਾ ਵੇ,
ਕੱਢ ਕੇ ਤੇਰੇ ਖਤ ਪੁਰਾਣੇ ਨਵੇਂ ਸਮਝ ਪੜ ਲੈਂਦੇ ਹਾਂ।

Tuesday, October 5, 2010

ਗ਼ਜ਼ਲ

ਯਾਦ ਤੇਰੀ ਰਾਤ ਭਰ ਜਗਾਵੇ ਤਾਂ ਕੀ ਕਰਾਂ ।
ਨੀਂਦ ਅੱਖਾਂ ਵਿੱਚ ਹੀ ਨਾ ਆਵੇ ਤਾਂ ਕੀ ਕਰਾਂ ।

ਆਦੀ ਨਹੀਂ ਹਾਂ ਪੀਣ ਦਾ ਵੈਸੇ ਤਾਂ ਮੈਂ,
ਤੇਰੀ ਸਹੁੰ ਦੇ ਕੇ ਕੋਈ ਪਿਆਵੇ ਤਾਂ ਕੀ ਕਰਾਂ ।

ਮੈਂ ਤਾਂ ਕੀਤੀ ਸੀ ਕੋਸ਼ਿਸ਼ ਉਸ ਪਾਰ ਆਉਣ ਦੀ,
ਜੇ ਕੱਚਾ ਪਾਰ ਹੀ ਨਾ ਲੰਘਾਵੇ ਤਾਂ ਕੀ ਕਰਾਂ ।

ਜ਼ਮਾਨਾ ਖ਼ਫਾ ਹੈ ਮੇਰੀ ਸੱਚ ਬੋਲਣ ਦੀ ਆਦਤ ਤੋਂ,
ਝੂਠ ਮੈਥੋ ਵੀ ਬੋਲਿਆ ਨਾ ਜਾਵੇ ਤਾਂ ਕੀ ਕਰਾਂ।

ਮੈਂ ਤਾਂ ਕੀਤੀ ਕੋਸ਼ਿਸ਼ ਬੜੀ ਇਸਨੂੰ ਸਮਝਾਉਣ ਦੀ,
ਸਮਝ ਦਿਲ ਨੂੰ ਹੀ ਨਾ ਆਵੇ ਤਾਂ ਕੀ ਕਰਾਂ ।

ਚੂਰੀਆਂ ਕੁੱਟੀਆਂ ਉਸ ਲਈ ਪਰ ਉਹ ਖਾਂਦਾ ਹੀ ਨਹੀਂ,
ਮਾਸ ਦਿਲ ਦਾ ਹੀ ਖਾਵੇ ਤਾਂ ਕੀ ਕਰਾਂ ।

ਦੇ ਗਿਆ ਜੋ ਗੁੱਸੇ,ਗਿਲੇ,ਤਨਹਾਈਆਂ ਤੇ ਸ਼ਿਕਵੇ ਮੈਨੂੰ,
ਦਿਲ ਫਿਰ ਵੀ ਉਸਨੂੰ ਚਾਹਵੇ ਤਾਂ ਕੀ ਕਰਾਂ ।

ਪੁੱਛਦੇ ਨੇ ਲੋਕ ਕਿਉਂ ਲਿਖਦਾ ਏ " ਛਿੰਦਿਆ ",
ਯਾਦ ਉਸ ਦੀ ਜੇ ਲਿਖਾਵੇ ਤਾਂ ਕੀ ਕਰਾਂ ।

Wednesday, September 22, 2010

ਕਿਸਮਤ

ਖੋਰੇ ਕੀ ਕਿਸਮਤ ਵਿੱਚ ਸਾਡੀ, ਲਿਖਣ ਵਾਲਾ ਲਿਖ ਗਿਆ ।
ਸਾਡੇ ਪੱਲੇ ਜੁਦਾਈ ਤੁਹਾਡੀ, ਲਿਖਣ ਵਾਲਾ ਲਿਖ ਗਿਆ ।

ਖੁਸ਼ੀਆਂ ਨੂੰ ਉਮਰ ਭਰ ਦੀ ਕੈਦ,
ਗਮਾਂ ਨੂੰ ਪੂਰੀ ਆਜ਼ਾਦੀ, ਲਿਖਣ ਵਾਲਾ ਲਿਖ ਗਿਆ ।

ਸਰ ਕਰ ਲਈਆਂ ਤੁਸੀਂ ਤਾਂ ਕਈ ਮੰਜ਼ਿਲਾਂ,
ਸਾਡੇ ਲੇਖੀਂ ਰਹਿਣਾ ਫਾਡੀ, ਲਿਖਣ ਵਾਲਾ ਲਿਖ ਗਿਆ ।

ਜੋ ਲਗਦੇ ਨੇ ਮੈਨੂੰ ਪੱਤੀਆਂ ਗੁਲਾਬ ਦੀਆਂ,
ਕਿਸ ਦੀ ਕਿਸਮਤ ਉਹ ਹੋਠ ਗੁਲਾਬੀ, ਲਿਖਣ ਵਾਲਾ ਲਿਖ ਗਿਆ ।

ਕਿਸਮਤ ਦਾ ਤਾਲਾ ਹਾਲੇ ਤੱਕ ਤਾਂ ਬੰਦ ਹੈ "ਛਿੰਦਿਆ",
ਖੋਰੇ ਕਿਸ ਹੱਥ ਇਸ ਤਾਲੇ ਦੀ ਚਾਬੀ, ਲਿਖਣ ਵਾਲਾ ਲਿਖ ਗਿਆ ।

Sunday, September 12, 2010

ਬਣ ਜੋਗੀ ਕਿਸੇ ਹੀਰ ਦੇ ਦਰ ਤੇ ਅਲਖ਼ ਜਗਾਉਣ ਚੱਲਿਆਂ ,
ਕਿਸੇ ਗੋਰਖ ਦੇ ਟਿੱਲੇ ਤੋਂ ਰਾਂਝੇ ਵਾਂਗ ਕੰਨ ਪੜਵਾਉਣ ਚੱਲਿਆਂ ।

ਛੂਕਦੇ ਝਨਾਂ ਹਮੇਸ਼ਾ ਰਹੇ ਨੇ ਬਣ ਕੇ ਮੌਤ ਆਸ਼ਕਾਂ ਲਈ,
ਮੈਂ ਵੀ ਕੱਚਿਆ ਤੇ ਤਾਰੀਆਂ ਲਾਉਣ ਚੱਲਿਆਂ ।

ਤਪਦੇ ਥਲਾਂ ਵੀ ਲਿਆ ਸਦਾ ਇਮਿਤਿਹਾਨ ਇਸ਼ਕ ਦਾ,
ਸੁਰਖ ਅੰਗਾਰਿਆਂ ਤੇ ਖੁਦ ਨੂੰ ਜਲਾਉਣ ਚੱਲਿਆਂ ।

ਜਿਉਂਦੇ ਜੀ ਉਸਨੂੰ ਭੁੱਲਣਾ ਮੁਸ਼ਕਿਲ ਹੈ " ਸੁਰਿੰਦਰ ",
ਤਾਂ ਹੀ ਖ਼ੁਦ ਦੀ ਹਸਤੀ ਨੂੰ ਮਿਟਾਉਣ ਚੱਲਿਆਂ ।

Wednesday, September 8, 2010

ਇੰਤਜ਼ਾਰ



ਉਹੀ ਦਿਲਬਰ ਤੇ ਉਹੀ ਦਿਲਦਾਰ ਮੇਰਾ ।
ਮੇਰੇ ਲਈ ਹੈ ਸਬ ਕੁਛ ਯਾਰ ਮੇਰਾ ।


ਕਰਦੇ ਰਹੇ ਹੁਣ ਤੱਕ ਇੰਤਜ਼ਾਰ ਜਿਸਦਾ,
ਪਰ ਆਇਆ ਹੀ ਨਹੀਂ ਉਹ ਦਿਲਦਾਰ ਮੇਰਾ ।

ਉਹਦੇ ਲਈ ਭਾਵੇਂ ਅਸੀਂ ਕੁਝ ਵੀ ਨਹੀਂ,
ਮੇਰੇ ਲਈ ਹੈ ਉਹ ਪਰਵਰਦਿਗਾਰ ਮੇਰਾ ।

ਮੁਹੱਬਤ ਚਿਹਰਿਆਂ ਦੀ ਨਹੀਂ ਮੋਹਤਾਜ਼ ਹੁੰਦੀ,
ਰੂਹਾਂ ਦਾ ਹੈ ਪਾਕ ਪਿਆਰ ਮੇਰਾ ।

ਉਹਦੇ ਬਿਨਾਂ ਵੀਰਾਨ ਇਹ ਜ਼ਿੰਦਗੀ ਹੈ,
ਉਹਦੇ ਨਾਲ ਹੈ ਵੱਸਦਾ ਸੰਸਾਰ ਮੇਰਾ ।

ਉਹਦੀ ਆਖੀ ਹਰ ਗੱਲ ਮੰਨ ਲਈਏ,
ਰੱਬ ਵਾਂਗ ਉਹਦੇ ਤੇ ਐਤਬਾਰ ਮੇਰਾ।

ਫਿਰ ਚਾਹੇ ਉਹ ਉਮਰਾਂ ਦੀ ਪੀੜ ਦੇ ਜਾਏ,
ਪਿਆਰ ਕਰੇ ਕਬੂਲ ਇੱਕ ਵਾਰ ਮੇਰਾ ।

ਵੈਦ,ਹਕੀਮ ਕੀ ਨਬਜ਼ ਪਛਾਣਸਨ ਹੁਣ "ਛਿੰਦੇ",
ਉਹਦੇ ਪਿਆਰ ਦਾ ਦਿਲ ਬੀਮਾਰ ਮੇਰਾ।