ਅੱਥਰਾ ਜਨੂੰਨ ਇਸ਼ਕ ਦਾ ।
ਵੱਖਰਾ ਕਾਨੂੰਨ ਇਸ਼ਕ ਦਾ ।
ਜੇ ਜਾਗਿਆ ਤਾਂ ਕਹਿਰ ਹੋਊ,
ਨਾ ਮੋਢਾ ਹਲੂਣ ਇਸ਼ਕ ਦਾ ।
ਰਾਤੀਂ ਜਗਾਉਂਦਾ ਹੈ ਇਸ਼ਕ ।
ਨੀਂਦਾ ਚਰਾਉਂਦਾ ਹੈ ਇਸ਼ਕ ।
ਕੁਝ ਵੀ ਛੱਡਦਾ ਨਹੀਂ ਪੱਲੇ,
ਪਾਗਲ ਬਣਾਉਦਾ ਹੈ ਇਸ਼ਕ ।
ਕਰਦਾ ਸ਼ੁਦਈ ਇਸ਼ਕ ਹੈ ।
ਰੱਬ ਦੀ ਖੁਦਾਈ ਇਸ਼ਕ ਹੈ ।
ਇਹ ਖੂਨ ਪੀਂਦਾ ਜਿਗਰ ਦਾ,
ਡਾਢਾ ਹਰਜਾਈ ਇਸ਼ਕ ਹੈ ।
ਮੁਸ਼ਕਿਲ ਨੇ ਰਾਹਾਂ ਇਸ਼ਕ ਦੀਆਂ ।
ਬੁਰੀਆਂ ਸਜਾਵਾਂ ਇਸ਼ਕ ਦੀਆਂ ।
ਜਿਸਨੂੰ ਵੀ ਹੋਯਾ ਨਹੀਂ ਬਚਿਆ,
ਕਾਤਿਲ ਅਦਾਵਾਂ ਇਸ਼ਕ ਦੀਆਂ ।
ਅਜਬ ਕਹਾਣੀ ਇਸ਼ਕ ਦੀ ।
ਸਦੀਆਂ ਪੁਰਾਣੀ ਇਸ਼ਕ ਦੀ ।
ਪਲ ਵਿੱਚ ਸਦੀਆਂ ਜੀ ਆਯਾ,
ਜਿਸ ਮੌਜ ਮਾਣੀ ਇਸ਼ਕ ਦੀ ।
ਇਹ ਦਿਨ ਇਹ ਰਾਤ ਇਸ਼ਕ ਦੀ ।
ਵੱਖਰੀ ਹੈ ਜਾਤ ਇਸ਼ਕ ਦੀ ।
ਕਣ-ਕਣ ਦੇ ਵਿੱਚ ਇਸ਼ਕ ਹੈ,
ਸਾਰੀ ਕਾਯਨਾਤ ਇਸ਼ਕ ਦੀ ।
ਵੱਖਰਾ ਨਜ਼ਾਰਾ ਇਸ਼ਕ ਦਾ ।
ਮਿੱਠਾ ਹੁੰਗਾਰਾ ਇਸ਼ਕ ਦਾ ।
ਉਸਨੂੰ ਕਿਸੇ ਦੀ ਲੋੜ ਨਾ,
ਜਿਸਨੂੰ ਸਹਾਰਾ ਇਸ਼ਕ ਦਾ ।
ਬੁਰੀਆਂ ਨੇ ਮਾਰਾਂ ਇਸ਼ਕ ਦੀਆਂ ।
ਨੇ ਤੇਜ਼ ਕਟਾਰਾਂ ਇਸ਼ਕ ਦੀਆਂ ।
ਰੰਗ ਸ਼ੋਖ ਜਿਹੇ ਨੇ ਇਸ਼ਕ ਦੇ,
ਤੇ ਮਸਤ ਬਹਾਰਾਂ ਇਸ਼ਕ ਦੀਆਂ ।
ਅਣਬੁੱਝੀ ਪਹੇਲੀ ਇਸ਼ਕ ਹੈ ।
ਦੁਸ਼ਮਣ ਤੇ ਬੇਲੀ ਇਸ਼ਕ ਹੈ ।
ਜਿਸ ਤੋਂ ਸਾਰੇ ਸੁਰ ਬਣੇ,
ਇੱਕ ਧੁਨ ਅਕੇਲੀ ਇਸ਼ਕ ਹੈ ।
ਫੁੱਲਾਂ ਦੀ ਖੁਸ਼ਬੂ ਇਸ਼ਕ ਹੈ ।
ਬੰਦੇ ਦੀ ਰੂਹ ਇਸ਼ਕ ਹੈ ।
ਮੈਂ ਕੁਝ ਵੀ ਨਹੀਂ ਇਸ਼ਕ ਵਿੱਚ,
ਬਸ ਤੂੰ ਹੀ ਤੂੰ ਇਸ਼ਕ ਹੈ ।
ਜ਼ਹਿਰਾਂ ਪਿਆਉਂਦਾ ਹੈ ਇਸ਼ਕ ।
ਸੂਲੀ ਤੇ ਚੜਾਉਂਦਾ ਹੈ ਇਸ਼ਕ ।
ਗਲੀਆਂ ਵਿੱਚ ਨੱਚਣ ਲਾ ਦੇਂਦਾ,
ਕੰਜ਼ਰੀ ਬਣਾਉਂਦਾ ਹੈ ਇਸ਼ਕ ।
ਇਹ ਸਾਰਾ ਖੇਲ ਇਸ਼ਕ ਹੈ ।
ਰੂਹਾਂ ਦਾ ਮੇਲ ਇਸ਼ਕ ਹੈ ।
ਫਿਰ ਵਾਰਿਸ ਤੇ ਸ਼ਿਵ ਜੰਮਦੇ,
ਜਦ ਹੁੰਦਾ ਫੇਲ ਇਸ਼ਕ ਹੈ ।
ਆਸ਼ਿਕ ਬਣਾਇਆ ਇਸ਼ਕ ਨੇ ।
ਸ਼ਾਅਰ ਬਣਾਇਆ ਇਸ਼ਕ ਨੇ ।
ਕੀ ਯਾਰ ਨੂੰ ਰੱਬ ਕਹਿ ਦਿੱਤਾ,
ਕਾਫਿਰ ਬਣਾਇਆ ਇਸ਼ਕ ਨੇ ।
ਅੱਲਾ ਤੇ ਰਾਮ ਇਸ਼ਕ ਹੈ ।
ਗੀਤਾ-ਕੁਰਾਨ ਇਸ਼ਕ ਹੈ ।
ਇਹ ਸਾਰਾ ਆਲਮ ਇਸ਼ਕ ਦਾ,
ਉਹ ਖੁਦ ਭਗਵਾਨ ਇਸ਼ਕ ਹੈ ।
ਮੈਂ ਨੂੰ ਮੁਕਾਉਂਦਾ ਹੈ ਇਸ਼ਕ ।
ਪਰਦੇ ਗਿਰਾਉਂਦਾ ਹੈ ਇਸ਼ਕ ।
ਜਦ ਰਹਿਮਤ ਹੁੰਦੀ ਇਸ਼ਕ ਦੀ,
ਰੱਬ ਨੂੰ ਮਿਲਾਉਂਦਾ ਹੈ ਇਸ਼ਕ
No comments:
Post a Comment