Tuesday, February 8, 2011

ਦਿਲਾਂ ਦਿਆ ਮਹਿਰਮਾਂ

ਆ ਸਾਡੇ ਵਿਹੜੇ ਕਦੇ ਦਿਲਾਂ ਦਿਆ ਮਹਿਰਮਾਂ ਵੇ,
ਕਿਹੜੀ ਗੱਲੋਂ ਪਾਈ ਬੈਠਾ ਦੂਰੀਆਂ ।
ਪਲੰਘ ਨਵਾਰੀ ਅਸੀਂ ਡਾਹੇ ਹਾਏ ਵੇ ਤੇਰੇ ਲਈ,
ਤੇਰੇ ਲਈ ਹੀ ਕੁੱਟੀਆਂ ਨੇ ਚੂਰੀਆਂ ।

ਆ ਮਿਲ ਸਾਨੂੰ ਬਣ ਸਾਉਣ ਦੀ ਘਟਾ ,
ਕਦੇ ਬਣ ਕੇ ਆ ਪੁਰੇ ਦੀ ਹਵਾ ।
ਤੇਰੀਆਂ ਜੁਦਾਈਆਂ ਸਾੜ ਸਾਨੂੰ ਸੁੱਟਿਆ,
ਹਿਜ਼ਰਾਂ ਨੇ ਕੀਤਾ ਈ ਸੁਆਹ ।
ਪਿਆਰ ਦੀ ਨਿਗਾ ਕਦੇ ਕਰ ਸਾਡੇ ਵੱਲੇ,
ਕਾਹਤੋਂ ਦੱਸ ਵੱਟਦਾ ਏਂ ਘੂਰੀਆਂ..........

ਓਵੇਂ ਅਸੀਂ ਸੋਂਹਦੇ ਸੱਜਣਾ ਵੇ ਤੇਰੇ ਨਾਲ,
ਜਿਵੇਂ ਚੰਨ ਤੇਰਿਆਂ ਦੇ ਨਾਲ ।
ਸਾਨੂੰ ਤਾਂ ਬਸ ਇੱਕ ਤੂੰ ਹੀ ਤੂੰ ਚੇਤੇ ਹੈਂ,
ਜੱਗ ਦਾ ਤਾਂ ਭੁੱਲਿਆ ਖਿਆਲ ।
ਬਣ ਨਾ ਤੂੰ ਐਨਾ ਬੇਦਰਦ ਵੇ ਸੱਜਣਾ,
ਛੱਡ ਵੀ ਤਾਂ ਦੇ ਮਗਰੂਰੀਆਂ....................

ਸੁਣ ਸੋਹਣੇ ਸੱਜਣਾ ਮੁਹੱਬਤਾਂ ਦਾ ਵੈਰੀ,
ਮੁੱਢ ਤੋਂ ਹੀ ਰਿਹਾ ਹੈ ਜੱਗ ਵੇ ।
ਇੱਕ ਜੇ ਤੂੰ ਰੁੱਸਿਆ ਸਾਥੋਂ ਜਿਊਣ ਜੋਗਿਆ ਵੇ,
ਸਾਡੇ ਭਾਅ ਦਾ ਰੁੱਸ ਜਾਣਾ ਰੱਬ ਵੇ ।
ਗੁੱਸੇ-ਗਿਲੇ ਸਾਰੇ ਛੱਡ ਪਰੇ "ਛਿੰਦਿਆ" ਵੇ,
ਕਰ ਵੀ ਤਾਂ ਦੇ ਆਸਾਂ ਪੂਰੀਆਂ............

ਆ ਸਾਡੇ ਵਿਹੜੇ ਕਦੇ ਦਿਲਾਂ ਦਿਆ ਮਹਿਰਮਾਂ ਵੇ,
ਕਿਹੜੀ ਗੱਲੋਂ ਪਾਈ ਬੈਠਾ ਦੂਰੀਆਂ ।
ਪਲੰਘ ਨਵਾਰੀ ਅਸੀਂ ਡਾਹੇ ਹਾਏ ਵੇ ਤੇਰੇ ਲਈ,
ਤੇਰੇ ਲਈ ਹੀ ਕੁੱਟੀਆਂ ਨੇ ਚੂਰੀਆਂ ।

No comments:

Post a Comment