ਹੁਣ ਤਾਂ ਪਛਾਣੇ ਜਾਂਦੇ ਨਹੀਂ , ਯਾਰਾਂ ਦੇ ਚੇਹਰੇ ਬਦਲ ਗਏ ।
ਹਿਕ ਤਾਣ ਨਾਲ ਜੋ ਖੜਦੇ ਸੀ, ਹੁਣ ਯਾਰ ਉਹ ਮੇਰੇ ਬਦਲ ਗਏ ।
ਰੱਬ ਵਾਂਗ ਜੋ ਸਾਨੂ ਧਿਆਉਦੇ ਸੀ,ਰਹੇ ਸੱਜਣ ਵੀ ਪਹਿਲਾਂ ਵਰਗੇ ਨਹੀਂ ,
ਸੁਣਿਆ ਏ ਮੈਂ ਸੱਜਣਾ ਦੇ ਹੁਣ ਸ਼ਾਮ-ਸਵੇਰੇ ਬਦਲ ਗਏ |
ਜਿਸ ਦੀਆਂ ਗਲੀਆਂ ਵਿੱਚ ਖੇਡੇ ,ਸਦਾ ਵੱਸਦਾ ਰਹੇ ਉਹ ਪਿੰਡ ਮੇਰਾ ,
ਹੁਣ ਕੱਚਾ ਘਰ ਉਹ ਲੱਭਦਾ ਨਾ ਸਭ ਚਾਰ-ਚੁਫੇਰੇ ਬਦਲ ਗਏ |
ਜਿੱਥੇ ਯਾਰਾਂ ਦੀ ਮਹਿਫਿਲ ਜੁੜਦੀ ਸੀ,ਉਹ ਮੋੜ ਕਦੇ ਵੀ ਭੁੱਲਣਾ ਨਹੀਂ,
ਹੁਣ ਰਹੇ ਨਾ ਉਹ ਜ਼ਮਾਨੇ ਬਈ ਉਹ ਥਾਂ ਉਹ ਡੇਰੇ ਬਦਲ ਗਏ |
ਨਫਰਤ ਨੇ ਦਿਲ ਵੀ ਵੰਡ ਦਿੱਤੇ,ਹੁਣ ਲਹੂ ਵੀ ਪਾਣੀ ਹੋ ਗਿਆ ਏ,
ਘਰ ਵੰਡ ਲਏ ਸਕੇ ਭਰਾਵਾਂ ਨੇ ਉਹ ਖੁੱਲੇ ਵਿਹੜੇ ਬਦਲ ਗਏ |
ਹੁਣ ਤਾਂ ਜਨਤਾ ਦੇ ਰਾਖੇ ਹੀ ਜਨਤਾ ਨੂੰ ਲੁੱਟੀ ਜਾਂਦੇ ਨੇ,
ਇਹ ਨੇਤਾ ਗਿਰਗਿਟ ਵਰਗੇ ਨੇ ਰੰਗ ਆਏ ਗੇੜੇ ਬਦਲ ਗਏ |
ਮੈਂ ਕਾਹਦੀ ਐਵੇਂ ਉਡੀਕ ਕਰਾਂ, ਉਹਨਾਂ ਤਾਂ ਕਦੇ ਵੀ ਆਉਣਾ ਨਹੀਂ ,
ਹੁਣ ਕਾਂ ਵੀ ਭੈੜੇ ਬੋਲਦੇ ਨਾ ,ਆਪਣੇ ਵੀ ਬਨੇਰੇ ਗਦਲ ਗਏ |
ਅਸੀਂ ਕੋਸ਼ਿਸ਼ ਕਰਾਂ ਗੇ ਬਦਲਣ ਦੀ,ਜੇ ਬਦਲ ਸਕੇ ਤਾਂ ਬਦਲਾਂਗੇ ,
ਤੂੰ " ਛਿੰਦਿਆ " ਅਜੇ ਵੀ ਭੋਲਾ ਏਂ ਪਰ ਲੋਕ ਬਥੇਰੇ ਬਦਲ ਗਏ |
No comments:
Post a Comment