ਇੱਕ ਸੋਹਣੀ ਮੁਟਿਆਰ ਚੰਨ ਦੇ ਵਰਗੀ ਹੈ ।
ਉਹ ਹੁਸਨਾਂ ਦੀ ਸਰਕਾਰ ਚੰਨ ਦੇ ਵਰਗੀ ਹੈ ।
ਡੁਲ-ਡੁਲ ਪੈਂਦੀ ਸਾਦਗੀ ਭੋਲੇ ਚੇਹਰੇ 'ਚੋ,
ਉਹ ਕੀਤੇ ਬਿਨ ਸ਼ਿੰਗਾਰ ਚੰਨ ਦੇ ਵਰਗੀ ਹੈ ।
ਉਹਦੇ ਆਉਣ ਤੇ ਆਉਂਦੀ ਰੁੱਤ ਬਹਾਰਾਂ ਦੀ,
ਉਹ ਖਿੜੀ ਹੋਈ ਗੁਲਜ਼ਾਰ ਚੰਨ ਦੇ ਵਰਗੀ ਹੈ ।
ਰਾਤੀਂ ਖਾਬਾਂ ਦੇ ਵਿੱਚ ਆ ਮਿਲਦੀ ਹੈ ਮੈਨੂੰ,
ਉਹ ਖਾਬਾਂ ਦੀ ਸਰਕਾਰ ਚੰਨ ਦੇ ਵਰਗੀ ਹੈ ।
ਮਰ ਮਿਟਦੇ ਨੇ ਖਵਰੇ ਕਿੰਨੇ ਕੁ ਦਿਲ ਉਸ ਤੋਂ,
ਜਦ ਨਿਕਲੇ ਜ਼ੁਲਫ਼ ਖਿਲਾਰ ਚੰਨ ਦੇ ਵਰਗੀ ਹੈ ।
ਸਾਰੇ ਜੱਗ ਤੋਂ ਵੱਖਰਾ ਉਹਦਾ ਨਖਰਾ ਹੈ ।
ਨੈਣਾਂ ਤਿੱਖੀ ਤਲਵਾਰ ਚੰਨ ਦੇ ਵਰਗੀ ਹੈ ।
ਉਹ ਬਣ ਕੇ ਤਬੀਬ ਭਲਾ ਆਉਂਦੇ ਨੇ ਕਿ ਨਹੀਂ,
ਜਿਸ ਦੇ ਹੋ ਗਏ ਬਿਮਾਰ ਚੰਨ ਦੇ ਵਰਗੀ ਹੈ ।
ਉਹਦੇ ਬਾਝੋਂ ਜੀਣਾ ਮੁਸ਼ਕਿਲ ਲੱਗਦੈ "ਛਿੰਦਿਆ",
ਜਿਸ ਲਾਇਆ ਇਸ਼ਕ ਬੁਖਾਰ ਚੰਨ ਦੇ ਵਰਗੀ ਹੈ ।
No comments:
Post a Comment