Tuesday, October 5, 2010
ਗ਼ਜ਼ਲ
ਨੀਂਦ ਅੱਖਾਂ ਵਿੱਚ ਹੀ ਨਾ ਆਵੇ ਤਾਂ ਕੀ ਕਰਾਂ ।
ਆਦੀ ਨਹੀਂ ਹਾਂ ਪੀਣ ਦਾ ਵੈਸੇ ਤਾਂ ਮੈਂ,
ਤੇਰੀ ਸਹੁੰ ਦੇ ਕੇ ਕੋਈ ਪਿਆਵੇ ਤਾਂ ਕੀ ਕਰਾਂ ।
ਮੈਂ ਤਾਂ ਕੀਤੀ ਸੀ ਕੋਸ਼ਿਸ਼ ਉਸ ਪਾਰ ਆਉਣ ਦੀ,
ਜੇ ਕੱਚਾ ਪਾਰ ਹੀ ਨਾ ਲੰਘਾਵੇ ਤਾਂ ਕੀ ਕਰਾਂ ।
ਜ਼ਮਾਨਾ ਖ਼ਫਾ ਹੈ ਮੇਰੀ ਸੱਚ ਬੋਲਣ ਦੀ ਆਦਤ ਤੋਂ,
ਝੂਠ ਮੈਥੋ ਵੀ ਬੋਲਿਆ ਨਾ ਜਾਵੇ ਤਾਂ ਕੀ ਕਰਾਂ।
ਮੈਂ ਤਾਂ ਕੀਤੀ ਕੋਸ਼ਿਸ਼ ਬੜੀ ਇਸਨੂੰ ਸਮਝਾਉਣ ਦੀ,
ਸਮਝ ਦਿਲ ਨੂੰ ਹੀ ਨਾ ਆਵੇ ਤਾਂ ਕੀ ਕਰਾਂ ।
ਚੂਰੀਆਂ ਕੁੱਟੀਆਂ ਉਸ ਲਈ ਪਰ ਉਹ ਖਾਂਦਾ ਹੀ ਨਹੀਂ,
ਮਾਸ ਦਿਲ ਦਾ ਹੀ ਖਾਵੇ ਤਾਂ ਕੀ ਕਰਾਂ ।
ਦੇ ਗਿਆ ਜੋ ਗੁੱਸੇ,ਗਿਲੇ,ਤਨਹਾਈਆਂ ਤੇ ਸ਼ਿਕਵੇ ਮੈਨੂੰ,
ਦਿਲ ਫਿਰ ਵੀ ਉਸਨੂੰ ਚਾਹਵੇ ਤਾਂ ਕੀ ਕਰਾਂ ।
ਪੁੱਛਦੇ ਨੇ ਲੋਕ ਕਿਉਂ ਲਿਖਦਾ ਏ " ਛਿੰਦਿਆ ",
ਯਾਦ ਉਸ ਦੀ ਜੇ ਲਿਖਾਵੇ ਤਾਂ ਕੀ ਕਰਾਂ ।
Wednesday, September 22, 2010
ਕਿਸਮਤ
ਸਾਡੇ ਪੱਲੇ ਜੁਦਾਈ ਤੁਹਾਡੀ, ਲਿਖਣ ਵਾਲਾ ਲਿਖ ਗਿਆ ।
ਖੁਸ਼ੀਆਂ ਨੂੰ ਉਮਰ ਭਰ ਦੀ ਕੈਦ,
ਗਮਾਂ ਨੂੰ ਪੂਰੀ ਆਜ਼ਾਦੀ, ਲਿਖਣ ਵਾਲਾ ਲਿਖ ਗਿਆ ।
ਸਰ ਕਰ ਲਈਆਂ ਤੁਸੀਂ ਤਾਂ ਕਈ ਮੰਜ਼ਿਲਾਂ,
ਸਾਡੇ ਲੇਖੀਂ ਰਹਿਣਾ ਫਾਡੀ, ਲਿਖਣ ਵਾਲਾ ਲਿਖ ਗਿਆ ।
ਜੋ ਲਗਦੇ ਨੇ ਮੈਨੂੰ ਪੱਤੀਆਂ ਗੁਲਾਬ ਦੀਆਂ,
ਕਿਸ ਦੀ ਕਿਸਮਤ ਉਹ ਹੋਠ ਗੁਲਾਬੀ, ਲਿਖਣ ਵਾਲਾ ਲਿਖ ਗਿਆ ।
ਕਿਸਮਤ ਦਾ ਤਾਲਾ ਹਾਲੇ ਤੱਕ ਤਾਂ ਬੰਦ ਹੈ "ਛਿੰਦਿਆ",
ਖੋਰੇ ਕਿਸ ਹੱਥ ਇਸ ਤਾਲੇ ਦੀ ਚਾਬੀ, ਲਿਖਣ ਵਾਲਾ ਲਿਖ ਗਿਆ ।
Sunday, September 12, 2010
ਕਿਸੇ ਗੋਰਖ ਦੇ ਟਿੱਲੇ ਤੋਂ ਰਾਂਝੇ ਵਾਂਗ ਕੰਨ ਪੜਵਾਉਣ ਚੱਲਿਆਂ ।
ਛੂਕਦੇ ਝਨਾਂ ਹਮੇਸ਼ਾ ਰਹੇ ਨੇ ਬਣ ਕੇ ਮੌਤ ਆਸ਼ਕਾਂ ਲਈ,
ਮੈਂ ਵੀ ਕੱਚਿਆ ਤੇ ਤਾਰੀਆਂ ਲਾਉਣ ਚੱਲਿਆਂ ।
ਤਪਦੇ ਥਲਾਂ ਵੀ ਲਿਆ ਸਦਾ ਇਮਿਤਿਹਾਨ ਇਸ਼ਕ ਦਾ,
ਸੁਰਖ ਅੰਗਾਰਿਆਂ ਤੇ ਖੁਦ ਨੂੰ ਜਲਾਉਣ ਚੱਲਿਆਂ ।
ਜਿਉਂਦੇ ਜੀ ਉਸਨੂੰ ਭੁੱਲਣਾ ਮੁਸ਼ਕਿਲ ਹੈ " ਸੁਰਿੰਦਰ ",
ਤਾਂ ਹੀ ਖ਼ੁਦ ਦੀ ਹਸਤੀ ਨੂੰ ਮਿਟਾਉਣ ਚੱਲਿਆਂ ।
Wednesday, September 8, 2010
ਇੰਤਜ਼ਾਰ
ਉਹੀ ਦਿਲਬਰ ਤੇ ਉਹੀ ਦਿਲਦਾਰ ਮੇਰਾ ।
ਮੇਰੇ ਲਈ ਹੈ ਸਬ ਕੁਛ ਯਾਰ ਮੇਰਾ ।
ਕਰਦੇ ਰਹੇ ਹੁਣ ਤੱਕ ਇੰਤਜ਼ਾਰ ਜਿਸਦਾ,
ਪਰ ਆਇਆ ਹੀ ਨਹੀਂ ਉਹ ਦਿਲਦਾਰ ਮੇਰਾ ।
ਉਹਦੇ ਲਈ ਭਾਵੇਂ ਅਸੀਂ ਕੁਝ ਵੀ ਨਹੀਂ,
ਮੇਰੇ ਲਈ ਹੈ ਉਹ ਪਰਵਰਦਿਗਾਰ ਮੇਰਾ ।
ਮੁਹੱਬਤ ਚਿਹਰਿਆਂ ਦੀ ਨਹੀਂ ਮੋਹਤਾਜ਼ ਹੁੰਦੀ,
ਰੂਹਾਂ ਦਾ ਹੈ ਪਾਕ ਪਿਆਰ ਮੇਰਾ ।
ਉਹਦੇ ਬਿਨਾਂ ਵੀਰਾਨ ਇਹ ਜ਼ਿੰਦਗੀ ਹੈ,
ਉਹਦੇ ਨਾਲ ਹੈ ਵੱਸਦਾ ਸੰਸਾਰ ਮੇਰਾ ।
ਉਹਦੀ ਆਖੀ ਹਰ ਗੱਲ ਮੰਨ ਲਈਏ,
ਰੱਬ ਵਾਂਗ ਉਹਦੇ ਤੇ ਐਤਬਾਰ ਮੇਰਾ।
ਫਿਰ ਚਾਹੇ ਉਹ ਉਮਰਾਂ ਦੀ ਪੀੜ ਦੇ ਜਾਏ,
ਪਿਆਰ ਕਰੇ ਕਬੂਲ ਇੱਕ ਵਾਰ ਮੇਰਾ ।
ਵੈਦ,ਹਕੀਮ ਕੀ ਨਬਜ਼ ਪਛਾਣਸਨ ਹੁਣ "ਛਿੰਦੇ",
ਉਹਦੇ ਪਿਆਰ ਦਾ ਦਿਲ ਬੀਮਾਰ ਮੇਰਾ।
ਸਫ਼ਰ ਜ਼ਿੰਦਗੀ ਦਾ
ਮੰਜ਼ਿਲ ਦੂਰ ਸੀ ਅਜੇ ਤੇ ਰਸਤਾ ਮੁੱਕ ਚੱਲਿਆ,
ਸਫ਼ਰ ਜ਼ਿੰਦਗੀ ਦਾ ਹੁਣ ਰੁਕ ਚੱਲਿਆ ।
ਹਾਸੇ ਵੰਡਦਾ ਸੀ ਸ਼ਖਸ ਜੋ ਸਾਰਿਆ ਨੂੰ,
ਗ਼ਮ ਉਹਦੀ ਜ਼ਿੰਦਗੀ ਵਿੱਚ ਧੁੱਖ ਚੱਲਿਆ ।
ਹੱਸ ਬੋਲਦਾ ਸੀ ਹਰ ਇੱਕ ਨਾਲ ਜਿਹੜਾ,
ਹੁਣ ਹੋ ਕਾਹਤੋਂ ਉਹ ਚੁੱਪ ਚੱਲਿਆ ।
ਬੂਟਾ ਇਸ਼ਕ ਦਾ ਲਾਇਆ ਜੋ ਰਲ ਕੇ ਅਸੀਂ,
ਉਹਦੇ ਪਿਆਰ ਦੇ ਬਾਝੋਂ ਸੁੱਕ ਚੱਲਿਆ ।
ਮੋਮ ਹੁੰਦਾ ਸੀ ਕਦੇ ਮਨ ਜਿਸਦਾ,
ਬਣ ਕਾਹਤੋਂ ਪੱਥਰ ਦਾ ਬੁੱਤ ਚੱਲਿਆ ।
ਚਮਕਦਾ ਸੀ ਜਿਹੜਾ ਕਦੇ ਚੰਨ ਵਾਗੂੰ,
ਅੱਜ ਬੱਦਲਾਂ ਹੇਠ ਹੈ ਲੁਕ ਚੱਲਿਆ ।
ਆਇਆ ਸੀ ਜੋ ਬਹਾਰਾਂ ਮਾਣਨੇ ਨੂੰ,
ਹੰਡਾ ਕਾਹਤੋਂ ਪਤਝੜ ਦੀ ਰੁੱਤ ਚੱਲਿਆ ।
ਸੀ ਇਸ਼ਕ ਦਾ ਇਹੀ ਅੰਜ਼ਾਮ " ਛਿੰਦਿਆ ",
ਸਾਥ ਜ਼ਿੰਦਗੀ ਤੋਂ ਸਾਡਾ ਹੈ ਟੁੱਟ ਚੱਲਿਆ ।
ਕਿਸਾਨ
ਦੂਜਿਆ ਦੇ ਪੇਟ ਭਰਦਾ ਹੈ ਜੋ,
ਪੇਟ ਉਸਦਾ ਖਾਲੀ ਕਿਉਂ ਹੈ ।
ਦਿਨ-ਰਾਤ ਜੋ ਮਿਹਨਤ ਕਰਦਾ,
ਘਰ ਉਸਦੇ ਮੰਦਹਾਲੀ ਕਿਉਂ ਹੈ ।
ਦੂਜਿਆ ਦੇ ਘਰ ਰੋਸ਼ਨ ਜਿਸ ਕਰਕੇ,
ਹਨੇਰੇ ਵਿੱਚ ਉਹਦੀ ਦੀਵਾਲੀ ਕਿਉਂ ਹੈ ।
ਸ਼ਾਹਾਂ ਦੀ ਖੁਦਗਰਜ਼ੀ ਦਾ ਸ਼ਿਕਾਰ ਹੈ ਅੱਜ ਵੀ,
ਲਟਕਦੀ ਉਸ ਤੇ ਤਲਵਾਰ ਕਰਜ਼ੇ ਵਾਲੀ ਕਿਉਂ ਹੈ ।
--------------------------
ਕਦੇ ਸੋਕੇ ਕਦੇ ਹੜਾਂ ਦੀ ਮਾਰ ਵਿੱਚ ਮਰਦਾ ਆ ਰਿਹੈ,
ਮੁੱਢ ਤੋਂ ਹੀ ਬਸ ਵਿਚਾਰਾ ਸਬਰ ਕਰਦਾ ਆ ਰਿਹੈ ।
ਮੁਆਵਜ਼ੇ ਦੇ ਨਾ ਤੇ ਮਿਲਦੀ ਹੈ ਦਿਖਾਵੇ ਦੀ ਹਮਦਰਦੀ,
ਸਰਕਾਰਾਂ ਦੀ ਅਣਦੇਖੀ ਨੂੰ ਹੁਣ ਤੱਕ ਜ਼ਰਦਾ ਆ ਰਿਹੈ ।
ਸਿਆਸਤਾਂ ਨੇ ਭਲਾ ਫਿਰ ਵੀ ਆਪਣਾ ਹੀ ਸੋਚਿਆ ਐ,
ਅੰਨਦਾਤਾ ਭਾਵੇਂ ਉਹਦੇ ਨਾਲ ਖੜਦਾ ਆ ਰਿਹੈ ।
ਬੰਦੇ ਹੱਥੋਂ ਬੰਦੇ ਦੀ ਲੁੱਟ ਖਤਮ ਹੁੰਦੀ ਨਹੀਂ ਦਿਸਦੀ,
ਭਗਤ ਸਿੰਘ ਜਿਸ ਲਈ ਸੂਲੀ ਤੇ ਚੜਦਾ ਆ ਰਿਹੈ ।